ਇਸ ਸਮੇਂ ਮੀਂਹ ਨਹੀਂ ਕਣਕ ਲਈ ਵਧੀਆ, ਕਿਸਾਨ ਦੋ ਬੋਰੀ ਤੋਂ ਵੱਧ ਯੂਰੀਆ ਨਾ ਵਰਤਣ

January 30 2020

ਸਰਦੀ ਦੇ ਮੌਸਮ ਚ ਕਣਕ ਦੀ ਫਸਲ ਹੋਣ ਵਾਲੀ ਬਾਰਿਸ਼ ਨੂੰ ਬਿਹਤਰ ਤੇ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਦੋ ਦਿਨਾਂ ਤੋਂ ਹੋਈ ਬਾਰਿਸ਼ ਨੂੰ ਖੇਤੀਬਾੜੀ ਮਾਹਰ ਜਿਆਦਾ ਲਾਹੇਵੰਦ ਨਹੀ ਦੱਸ ਰਹੇ ਹਨ। ਸਬਜੀਆਂ ਦੀਆਂ ਫਸਲਾਂ ਲਈ ਇਹ ਮੀਂਹ ਸਭ ਤੋਂ ਨੁਕਸਾਨਦੇਹ ਸਾਬਤ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਤਰ੍ਹਾਂ ਦੋ ਤਿੰਨ ਦਿਨ ਹੋਰ ਵੱਧ ਮੀਂਹ ਪੈ ਜਾਂਦਾ ਹੈ ਤਾਂ ਇਸ ਦਾ ਉਲਟ ਪ੍ਰਭਾਵ ਕਣਕ ਦੀ ਫਸਲ ਤੇ ਪਵੇਗਾ। ਦੋ ਦਿਨਾਂ ਚ 15 ਤੋਂ 18 ਐੱਮਐੱਮ ਹੋਏ ਮੀਂਹ ਨੂੰ ਕਿਸਾਨਾਂ ਲਈ ਜਿਆਦਾ ਫਾਇਦੇਮੰਦ ਨਹੀਂ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ ਕਿਸਾਨ ਕਣਕ ਦੀ ਪੈਦਾਵਾਰ ਵਧਾਉਣ ਲਈ ਯੂਰੀਆ ਦੀ ਵੱਧ ਵਰਤੋਂ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਜੋਸ਼ੀਲਾ ਹੋ ਗਿਆ ਹੈ। ਤਾਕਿ ਆਉਣ ਵਾਲੀ ਪੀੜ੍ਹੀਆਂ ਨੂੰ ਮਿੱਟੀ ਤੇ ਹਵਾ ਚ ਫੈਲ ਰਹੇ ਜ਼ਹਿਰੀਲੇ ਤੱਤਾਂ ਤੋਂ ਬਚਾਇਆ ਜਾ ਸਕੇ। ਕਣਕ ਦੀ ਫਸਲ ਦੇ ਪੱਤਿਆਂ ਤੇ ਆ ਰਹੇ ਪੀਲੇਪਣ ਪ੍ਰਤੀ ਕਿਸਾਨਾਂ ਨੂੰ ਵਿਭਾਗ ਜਾਗਰੂਕ ਕਰ ਰਿਹਾ ਹੈ। ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਯੂਰੀਆ ਖਾਦ ਦੀ ਵਰਤੋਂ ਅੰਨੇਵਾਹ ਕਰਨ ਤੋਂ ਰੋਕਿਆ ਜਾ ਰਿਹਾ ਹੈ। ਪਿੰਡ, ਬਲਾਕ ਤੇ ਤਹਿਸੀਲ ਪੱਧਰ ਤੇ ਕੈਂਪ ਲਾ ਕੇ ਕਿਸਾਨਾਂ ਨੂੰ ਘੱਟ ਯੂਰੀਆ ਪਾਉਣ ਲਈ ਸਮਝਾਇਆ ਜਾ ਰਿਹਾ ਹੈ। ਅੰਮਿ੍ਤਸਰ ਜ਼ਿਲ੍ਹੇ ਚ ਇਸ ਵਾਰ 1 ਲੱਖ 89 ਹਜ਼ਾਰ ਹੈਕਟਰ ਭੂਮੀ ਤੇ ਕਣਕ ਦੀ ਖੇਤੀ ਕੀਤੀ ਗਈ ਹੈ। ਉਂਜ ਪ੍ਰਤੀ ਏਕੜ 19 ਤੋਂ 20 ਕੁਇੰਟਲ ਕਣਕ ਦਾ ਉਤਪਾਦਨ ਹੁੰਦਾ ਹੈ। ਪਿਛਲੇ ਦਿਨੀਂ ਕੋਹਰਾ ਪੈਣ ਨਾਲ ਇਸ ਵਾਰ ਕਣਕ ਦੀ ਪੈਦਾਵਾਰ ਵਧਣ ਦੀ ਵੀ ਸੰਭਾਵਨਾ ਹੈ। ਇਸ ਵਾਰ ਪ੍ਰਤੀ ਏਕੜ 22 ਤੋਂ 24 ਕੁਇੰਟਲ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਫਿਰ ਵੀ ਕਿਸਾਨ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰ ਰਹੇ ਹਨ।

ਖੇਤੀਬਾੜੀ ਵਿਕਾਸ ਅਫਸਰ ਡਾ. ਮਸਤਿੰਦਰ ਸਿੰਘ ਤੇ ਖੇਤੀਬਾੜੀ ਵਿਗਿਆਨੀ ਡਾ. ਸਤਨਾਮ ਸਿੰਘ ਕਹਿੰਦੇ ਹੈ ਕਿ ਦਸੰਬਰ ਤੇ ਜਨਵਰੀ ਮਹੀਨੇ ਚ ਜਿੰਨੀ ਵੱਧ ਸਰਦੀ ਤੇ ਕੋਹਰਾ ਪਿਆ ਹੈ ਉਹ ਕਣਕ ਲਈ ਲਾਭਦਾਇਕ ਹੈ। ਜਦਕਿ ਹੁਣ ਹੋ ਰਹੀ ਬਾਰਿਸ਼ ਠੀਕ ਨਹੀਂ ਹੈ। ਕਿਸਾਨ ਕਣਕ ਦੇ ਬੂਟੇ ਦੇ ਪੱਤਿਆਂ ਚ ਕੁੱਝ ਪਿਲੱਤਣ ਵੇਖ ਕੇ ਵਾਧੂ ਯੂਰੀਆ ਪਾ ਦਿੰਦੇ ਹਨ, ਜਿਸ ਨਾਲ ਬੂਟੇ ਦੇ ਪੱਤੇ ਤਾਂ ਹਰੇ ਹੋ ਜਾਂਦੇ ਹੈ ਪਰ ਇਸ ਦੇ ਉਪਰ ਕੀੜਿਆਂ ਦਾ ਹਮਲਾ ਵੀ ਜਿਆਦਾ ਹੁੰਦਾ ਹੈ, ਜਿਸ ਨੂੰ ਰੋਕਣ ਲਈ ਕਿਸਾਨ ਫਿਰ ਖਤਰਨਾਕ ਪੇਸਟੀਸਾਇਡ ਸਪਰੇਅ ਕਰਦੇ ਹਨ, ਜੋ ਵਾਤਾਤਵਰਨ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਵੀ ਨੁਕਸਾਨਦਾਇਕ ਹੈ।

ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਡੀਐੱਸ ਛੀਨਾ ਨੇ ਕਿਹਾ ਜਿਨ੍ਹਾਂ ਕਿਸਾਨਾਂ ਨੇ ਸਮੇਂ ਤੋਂ ਪਹਿਲਾਂ ਕਣਕ ਦੀ ਬਿਜਾਈ ਕੀਤੀ ਹੈ ਉਹ ਕਿਸਾਨ 55 ਦਿਨਾਂ ਚ ਸਿਰਫ ਇਕ ਵਾਰ ਹੀ ਦੋ ਬੋਰੀਆਂ ਯੂਰੀਆ ਖਾਦ ਇਕ ਏਕੜ ਚ ਪਾਉਣ ਤਾਂ ਉਨ੍ਹਾਂ ਨੂੰ ਫਸਲ ਦਾ ਭਰਪੂਰ ਪੈਦਾਵਾਰ ਮਿਲੇਗੀ। 55 ਦਿਨਾਂ ਦੇ ਬਾਅਦ ਕੋਈ ਖਾਦ ਨਾ ਪਾਏ ਤੇ ਜੇਕਰ ਜਿਆਦਾ ਖਾਦ ਪਾ ਦਿੱਤੀ ਗਈ ਤਾਂ ਉਤਪਾਦਨ ਵੀ ਡਿੱਗ ਜਾਵੇਗਾ ਫਸਲ ਖ਼ਰਾਬ ਹੋ ਜਾਵੇਗੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ