ਇਸ ਵਾਰ ਲੋਹੜੀ ਨਹੀਂ ਲੰਘੇਗੀ ਸੁੱਕੀ, ਵਿਗੜੇਗਾ ਮੌਸਮ

January 11 2020

ਇਸ ਵਾਰ ਲੋਹੜੀ ਸੁੱਕੀ ਨਹੀਂ ਲੰਘੇਗੀ। ਹਾਸਲ ਜਾਣਕਾਰੀ ਮੁਤਾਬਕ 12 ਤੇ 13 ਜਨਵਰੀ ਨੂੰ ਮੌਸਮ ਵਿਗੜੇਗਾ। ਇਨ੍ਹਾਂ ਦਿਨਾਂ ਵਿੱਚ ਪਹਾੜੀ ਖੇਤਰਾਂ ਚ ਬਰਫਬਾਰੀ ਹੋਏਗੀ ਤੇ ਮੈਦਾਨੀ ਇਲਾਕਿਆਂ ਵਿੱਚ ਬਾਰਸ਼ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਚ 12 ਤੇ 13 ਜਨਵਰੀ ਨੂੰ ਬਾਰਸ਼ ਇੱਕ ਵਾਰ ਫਿਰ ਦਸਤਕ ਦੇ ਸਕਦੀ ਹੈ। ਪੱਛਮੀ ਹਿਮਾਲਿਆਈ ਖੇਤਰ ਵਿੱਚ 11 ਜਨਵਰੀ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਰਹੇਗੀ, ਜਿਸ ਕਾਰਨ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ 12 ਤੇ 13 ਜਨਵਰੀ ਨੂੰ ਬਾਰਸ਼ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ 13 ਜਨਵਰੀ ਨੂੰ ਬਾਰਸ਼ ਹੋ ਸਕਦੀ ਹੈ। ਇੰਨਾ ਹੀ ਨਹੀਂ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਤੇ ਕੇਰਲ ਵਿੱਚ ਅੱਜ ਵੀ ਬਾਰਸ਼ ਸੰਭਵ ਹੈ। ਇਨ੍ਹਾਂ ਇਲਾਕਿਆਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਤੇ ਪੰਜਾਬ ਦੇ ਮੁੱਖ ਇਲਾਕਿਆਂ ਵਿੱਚ ਸ਼ੀਤ ਲਹਿਰ ਵੱਗਣ ਦੀ ਵੀ ਸੰਭਾਵਨਾ ਹੈ। ਇੰਨਾ ਹੀ ਨਹੀਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉਤਰਾਖੰਡ, ਮੱਧ ਪ੍ਰਦੇਸ਼, ਓਡੀਸ਼ਾ, ਗੰਗੇਟਿਕ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ਵਿੱਚ ਧੁੰਦ ਅਗਲੇ ਦੋ ਦਿਨਾਂ ਤੱਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਸਕਦੀ ਹੈ।

ਮੌਸਮ ਭਵਿੱਖਬਾਣੀ ਨਿੱਜੀ ਏਜੰਸੀ ਸਕਾਈਮੇਟ ਮੌਸਮ ਦੀ ਰਿਪੋਰਟ ਮੁਤਾਬਕ, ਉੱਤਰ ਪੱਛਮੀ ਤੇ ਮੱਧ ਭਾਰਤ ਦੇ ਹਿੱਸਿਆਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਉੱਤਰ ਰਾਜਸਥਾਨ ਦੇ ਕੁਝ ਸ਼ਹਿਰਾਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਹੋ ਸਕਦੀ ਹੈ ਜਦੋਂ ਕਿ ਪੰਜਾਬ ਤੇ ਹਰਿਆਣਾ ਵਿੱਚ ਇੱਕ ਜਾਂ ਦੋ ਥਾਵਾਂ ਤੇ ਠੰਢੇ ਦਿਨ ਦੀ ਸਥਿਤੀ ਹੋਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਬਰਫਬਾਰੀ ਦਰਜ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ 20 ਸੈਨਟੀ ਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ।

ਉਤਰਾਖੰਡ ਵਿੱਚ ਇਸ ਵਾਰ ਬਰਫ਼ਬਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨੈਨੀਤਾਲ ਤੇ ਭੀਮਤਾਲ ਵਿੱਚ ਸਾਲਾਂ ਬਾਦ ਹੋਈ ਬਰਫ਼ਬਾਰੀ ਤੋਂ ਬਾਅਦ ਲੋਕਾਂ ਦੇ ਚਿਹਰੇ ਉੱਤੇ ਚਮਕ ਆ ਗਈ ਹੈ। ਇਸ ਵਾਰ ਚੰਪਾਵਤ ਜ਼ਿਲੇ ਵਿੱਚ ਘਰ ਦੀਆਂ ਛੱਤਾਂ ਬਰਫ ਨਾਲ ਢੱਕ ਗਿਆਂ ਹਨ। ਪਿਥੌਰਾਗੜ੍ਹ ਸ਼ਹਿਰ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦਰਜ ਕੀਤੀ ਗਈ ਹੈ ਜਦੋਂਕਿ ਅਲਮੋੜਾ ਤੇ ਬਾਗੇਸ਼ਵਰ ਵਿੱਚ ਹੋਈ ਬਰਫ਼ਬਾਰੀ ਨੇ ਰਿਕਾਰਡ ਤੋੜ ਦਿੱਤਾ ਹਨ। ਟਨਕਪੁਰ-ਪਿਥੌਰਾਗੜ੍ਹ ਰਾਸ਼ਟਰੀ ਰਾਜਮਾਰਗ ਬਰਫ਼ਬਾਰੀ ਤੇ ਮੀਂਹ ਕਾਰਨ ਅੱਠ ਘੰਟੇ ਤੋਂ ਵੱਧ ਸਮੇਂ ਲਈ ਬੰਦ ਰਿਹਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ