ਆੜ੍ਹਤੀਆਂ ਨੂੰ ਖਰੀਦਣੇ ਪੈਣਗੇ ਇਨਫ਼ਰਾਰੈੱਡ ਥਰਮਾਮੀਟਰ

April 09 2020

ਕਰੋਨਾਵਾਇਰਸ ਕਾਰਨ ਇੱਕ ਮਹੀਨੇ ਦੀ ਥਾਂ ਦੋ ਮਹੀਨੇ ਚੱਲਣ ਵਾਲੇ ਕਣਕ ਦਾ ਖਰੀਦ ਸੀਜ਼ਨ ਦੌਰਾਨ ਆੜ੍ਹਤੀਆਂ ਦੀਆਂ ਜੇਬਾਂ ਵੀ ਢਿੱਲੀਆਂ ਹੋਣਗੀਆਂ। 15 ਅਪਰੈਲ ਤੋਂ 15 ਜੂਨ ਤੱਕ ਚੱਲਣ ਵਾਲੇ ਇਸ ਸੀਜ਼ਨ ਲਈ ਆੜ੍ਹਤੀਆਂ ਨੂੰ ਮੰਡੀਕਰਣ ਬੋਰਡ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨਾ ਪਵੇਗੀ। ਅਜਿਹਾ ਨਾ ਕਰਨ ਵਾਲੇ ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਹੋਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਮੁੱਚੇ ਆੜ੍ਹਤੀਆਂ ਨੂੰ ਇਨਫ਼ਰਾਰੈੱਡ ਥਰਮਾਮੀਟਰ ਰੱਖਣਾ ਪਵੇਗਾ। ਇਸ ਥਰਮਾਮੀਟਰ ਦੀ ਮਾਰਕੀਟ ਵਿੱਚ ਮੰਗ ਵੱਧਣ ਨਾਲ ਇਸ ਦੀ ਕੀਮਤ ਦੋ ਹਜ਼ਾਰ ਤੋਂ ਵੱਧ ਕੇ ਚਾਰ ਹਜ਼ਾਰ ਤੋਂ ਉੱਪਰ ਚੱਲੀ ਗਈ ਹੈ ਤੇ ਹਰ ਆੜ੍ਹਤੀ ਨੂੰ ਇਹ ਥਰਮਾਮੀਟਰ ਲਾਜ਼ਮੀ ਰੱਖਣਾ ਪਵੇਗਾ ਜਿਸ ਨਾਲ ਉਸ ਨੂੰ ਰੋਜ਼ਾਨਾ ਆਪਣੀ ਲੇਬਰ ਅਤੇ ਕਣਕ ਵੇਚਣ ਆਏ ਕਿਸਾਨਾਂ ਦਾ ਤਾਪਮਾਨ ਮਾਪਣਾ ਪਵੇਗਾ।

ਆੜ੍ਹਤੀਆਂ ਨੂੰ ਆਪਣੀ ਲੇਬਰ ਅਤੇ ਕਣਕ ਵੇਚਣ ਆਉਂਦੇ ਕਿਸਾਨਾਂ ਨੂੰ ਮਾਸਕ ਵੀ ਪੱਲਿਉਂ ਦੇਣੇ ਹੋਣਗੇ। ਹਰੇਕ ਵਿਅਕਤੀ ਨੂੰ ਰੋਜ਼ਾਨਾ ਨਵਾਂ ਮਾਸਕ ਦੇਣਾ ਹੋਵੇਗਾ। ਇਸ ਨੂੰ ਨਸ਼ਟ ਕਰਨ ਦੇ ਤਰੀਕੇ ਅਤੇ ਕਰੋਨਾਵਾਇਰਸ ਸਬੰਧੀ ਸਾਵਧਾਨੀਆਂ ਤੋਂ ਜਾਣੂ ਕਰਾਉਣਾ ਪਵੇਗਾ। ਆੜ੍ਹਤੀਆਂ ਨੂੰ ਆਪਣੀ ਲੇਬਰ ਦੇ ਸੌਣ ਦੇ ਪ੍ਰਬੰਧ ਸਮੇਂ ਸਰੀਰਕ ਦੂਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਇਸ ਥਾਂ ਨੂੰ ਰੋਜ਼ਾਨਾ ਸੈਨੇਟਾਈਜ਼ ਕਰਨਾ ਪਵੇਗਾ। ਮੰਡੀ ਵਿੱਚ ਕੰਮ ਕਰਦੇ ਸਮੇਂ ਵੀ ਲੇਬਰ ਅਤੇ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਦੀ ਸਰੀਰਕ ਦੂਰੀ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਆੜ੍ਹਤੀਆਂ ਨੂੰ ਲੇਬਰ ਦੇ ਹਰੇਕ ਵਿਅਕਤੀ ਨੂੰ ਇਕੱਲੇ ਇਕੱਲੇ ਤੌਰ ’ਤੇ ਸੈਨੇਟਾਈਜ਼ਰ ਦੀ ਸ਼ੀਸ਼ੀ ਦੇਣੀ ਪਵੇਗੀ ਤੇ ਲੇਬਰ ਵੱਲੋਂ ਇਸ ਦੀ ਵਰਤੋਂ ਵੀ ਯਕੀਨੀ ਬਣਾਉਣੀ ਪਵੇਗੀ।

ਆੜ੍ਹਤੀਆਂ ਨੂੰ ਦਿਸ਼ਾ-ਨਿਰਦੇਸ਼ਾਂ ਤੋਂ ਕਰਵਾਇਆ ਜਾਣੂ: ਚੇਅਰਮੈਨ 

ਮਾਰਕੀਟ ਕਮੇਟੀ ਬਨੂੜ ਦੇ ਨਵ-ਨਿਯੁਕਤ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੋਂ ਅੱਜ ਆੜ੍ਹਤੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆੜ੍ਹਤੀ ਭਾਈਚਾਰੇ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਕਣਕ ਕਟਾਉਣ ਲਈ ਕਾਹਲੀ ਨਾ ਕਰਨ ਅਤੇ ਪੂਰੀ ਤਰਾਂ ਪੱਕੀ ਹੋਈ ਫ਼ਸਲ ਨੂੰ ਵਢਾਏ ਜਾਣ ਦੀ ਅਪੀਲ ਕੀਤੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਪੰਜਾਬ ਸਰਕਾਰ ਨੂੰ ਆੜ੍ਹਤੀਆਂ ਨੂੰ ਖੁਦ ਥਰਮਾਮੀਟਰ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ