ਆਲੂ ਦੀ ਖੇਤੀ ਤੋਂ ਹਰ ਸਾਲ 25 ਕਰੋੜ ਕਮਾ ਰਿਹੈ ਇਹ ਕਿਸਾਨ

February 07 2020

ਦੇਸ਼ ਵਿੱਚ ਆਲੂ ਦੀ ਖੇਤੀ ਕਾਫ਼ੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵੀ ਭਾਵੇਂ ਆਲੂ ਦੀ ਖੇਤੀ ਕਾਫ਼ੀ ਜ਼ਿਆਦਾ ਹੁੰਦੀ ਹੈ ਪਰ ਹਰ ਸਾਲ ਆਲੂ ਉਤਪਾਦਕ ਕਿਸਾਨਾਂ ਦੀ ਜੋ ਹਾਲਤ ਹੁੰਦੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਸਹੀ ਭਾਅ ਨਾ ਮਿਲਣ ਕਰਕੇ ਕਈ ਵਾਰ ਕਿਸਾਨਾਂ ਨੂੰ ਰੋਸ ਵਜੋਂ ਆਲੂ ਸੜਕਾਂ ਤੇ ਹੀ ਖਿਲਾਰਨੇ ਪੈਂਦੇ ਨੇ ਪਰ ਗੁਜਰਾਤ ਵਿੱਚ ਇਕ ਅਜਿਹਾ ਕਿਸਾਨ ਪਰਿਵਾਰ ਹੈ। ਜੋ ਵਿਸ਼ੇਸ਼ ਕਿਸਮ ਦੇ ਆਲੂ ਦੀ ਖੇਤੀ ਰਾਹੀਂ ਹਰ ਸਾਲ 25 ਕਰੋੜ ਰੁਪਏ ਕਮਾ ਰਿਹਾ ਹੈ। 

ਦਰਅਸਲ 10 ਮੈਂਬਰਾਂ ਵਾਲਾ ਇਹ ਪਰਿਵਾਰ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਦੌਲਪੁਰ ਕਾਂਪਾ ਦਾ ਰਹਿਣ ਵਾਲਾ ਹੈ ਜੋ ਵੱਡੇ ਪੱਧਰ ਤੇ ਆਲੂ ਦੀ ਖੇਤੀ ਕਰਕੇ ਚੋਖੀ ਕਮਾਈ ਕਰ ਰਿਹਾ ਹੈ। ਇਸ ਕਿਸਾਨ ਪਰਿਵਾਰ ਦੇ ਜਿਤੇਸ਼ ਪਟੇਲ ਨੇ ਖੇਤੀ ਵਿਗਿਆਨ ਦੀ ਪੜ੍ਹਾਈ ਤੋਂ ਹਾਸਲ ਗਿਆਨ ਦੀ ਵਰਤੋਂ ਆਲੂ ਦੀ ਲੇਡੀ ਰੋਸੇਟਾ ਯਾਨੀ ਐੱਲਆਰ ਕਿਸਮ ਦੀ ਖੇਤੀ ਤੇ ਕੀਤੀ। ਜਿਸ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਿਸਮਤ ਹੀ ਬਦਲ ਗਈ।

ਆਲੂ ਦੀ ਐਲਆਰ ਕਿਸਮ ਦੀ ਵਰਤੋਂ ਜ਼ਿਆਦਾਤਰ ਚਿਪਸ ਅਤੇ ਵੇਫਰਸ ਬਣਾਉਣ ਵਿੱਚ ਕੀਤੀ ਜਾਂਦੀ ਐ। ਅੱਜ ਪਟੇਲ ਪਰਿਵਾਰ ਬਾਲਾਜੀ ਅਤੇ ਆਈਟੀਸੀ ਵਰਗੀਆਂ ਵੱਡੀਆਂ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਲੂ ਦੀ ਸਪਲਾਈ ਕਰਦੇ ਹਨ। ਜਿਤੇਸ਼ ਦਾ ਪਰਿਵਾਰ ਪਿਛਲੇ 26 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਿਹਾ ਹੈ। ਜਿਤੇਸ਼ ਪਟੇਲ ਦਾ ਕਹਿਣਾ ਹੈ ਕਿ ਸਾਲ 2005 ਵਿੱਚ ਉਸ ਨੇ ਖੇਤੀ ਵਿਗਿਆਨ ਵਿੱਚ ਐਮਐਸਸੀ ਦੀ ਪੜ੍ਹਾਈ ਖੇਤੀ ਕਰਨ ਲਈ ਹੀ ਪੂਰੀ ਕੀਤੀ ਸੀ। 

ਪਟੇਲ ਅਨੁਸਾਰ ਉਨ੍ਹਾਂ ਨੇ ਐਲਆਰ ਕਿਸਮ ਦੇ ਆਲੂ ਦੀ ਖੇਤੀ ਸਾਲ 2007 ਵਿੱਚ 10 ਏਕੜ ਤੋਂ ਸ਼ੁਰੂ ਕੀਤੀ ਸੀ। ਜਦੋਂ ਇਸ ਵਿੱਚ ਪੈਦਾਵਾਰ ਚੰਗੀ ਹੋਣ ਲੱਗੀ ਤਾਂ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਇਸ ਦੀ ਖੇਤੀ ਵਿੱਚ ਸ਼ਾਮਲ ਕਰਨ ਬਾਰੇ ਸੋਚਿਆ। ਐਲਆਰ ਕਵਾਲਟੀ ਦੇ ਆਲੂ ਦੀ ਮੰਗ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਲਗਾਤਾਰ ਕਰਦੀਆਂ ਰਹਿੰਦੀਆਂ ਹਨ। ਸਾਲ 2019 ਵਿੱਚ ਗੁਜਰਾਤ ਤੋਂ ਐਲਆਰ ਕਿਸਮ ਦਾ ਇਕ ਲੱਖ ਟਨ ਆਲੂ ਇੰਡੋਨੇਸ਼ੀਆ, ਕੁਵੈਤ, ਓਮਾਨ ਅਤੇ ਸਾਊਦੀ ਅਰਬ ਵਰਗੇ ਵੱਡੇ ਬਜ਼ਾਰਾਂ ਵਿੱਚ ਨਿਰਯਾਤ ਕੀਤਾ ਗਿਆ ਸੀ। 

ਇਸ ਸਮੇਂ ਪਟੇਲ ਪਰਿਵਾਰ ਦੇ 10 ਵੱਖ-ਵੱਖ ਖੇਤਰਾਂ ਵਿੱਚ ਮਾਹਿਰ ਹਨ, ਕੋਈ ਬ੍ਰੀਡਿੰਗ, ਕੋਈ ਮਾਈਕ੍ਰੋਬਾਇਓਲਾਜੀ ਤਾਂ ਕੋਈ ਪੈਥਾਲਾਜੀ ਵਿੱਚ। ਐਲਆਰ ਕਵਾਲਟੀ ਦੇ ਆਲੂ ਚੰਗੀ ਕੀਮਤ ਤੇ ਵਿਕਦੇ ਨੇ ਅਤੇ ਚਿਪਸ ਵਾਲੀਆਂ ਕੰਪਨੀਆਂ ਇਸ ਆਲੂ ਨੂੰ 17 ਰੁਪਏ ਪ੍ਰਤੀ ਕਿਲੋ ਦੇ ਭਾਅ ਤਕ ਖ਼ਰੀਦਦੀਆਂ ਨੇ। ਪੰਜਾਬ ਦੇ ਕਿਸਾਨ ਵੀ ਖੇਤੀ ਯੂਨਵਰਸਿਟੀ ਦੇ ਮਾਹਿਰਾਂ ਦੀ ਸਲਾਹ ਨਾਲ ਇਸ ਆਲੂ ਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਨੇ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ