ਆਧਾਰ ਕਾਰਡ ਦਿਖਾਓ ਤੇ 60 ਵਾਲਾ ਪਿਆਜ਼ 32 ਰੁਪਏ ਕਿੱਲੋ ਲੈ ਜਾਓ, ਇੱਥੇ ਲੱਗੇ ਹਨ ਕਾਊਂਟਰ

September 28 2019

ਸ਼ਹਿਰ ਚ ਅੱਜਕਲ੍ਹ ਪਿਆਜ਼ 60 ਰੁਪਏ ਕਿੱਲੋ ਵਿਕ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਚ ਇਕਦਮ ਆਏ ਉਛਾਲ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਚ ਪੰਜ ਅਲੱਗ-ਅਲੱਗ ਥਾਵਾਂ ਤੇ ਕਾਊਂਡਰ ਲਗਾਏ ਹਨ। ਜਿੱਥੇ ਲੋਕਾਂ ਨੂੰ ਬਾਜ਼ਾਰ ਨਾਲੋਂ ਅੱਧੀ ਕੀਮਤ ਚ ਪਿਆਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੰਡੀ ਨਾਲੋਂ ਅੱਧੀ ਕੀਮਤ ਚ ਪਿਆਜ਼ ਲੈਣ ਲਈ ਲੋਕਾਂ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ।

ਪ੍ਰਸ਼ਾਸਨ ਦੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਨੇ ਸ਼ਹਿਰ ਚ ਜਿਹੜੇ ਪਿਆਜ਼ ਦੇ ਕਾਊਂਡਰ ਲਗਾਏ ਹਨ। ਇਨ੍ਹਾਂ ਕਾਊਂਟਰਾਂ ਤੇ ਲੋਕਾਂ ਨੂੰ ਆਪਣਾ ਆਧਾਰ ਕਾਰਡ ਦਿਖਾਉਣ ਤੇ 60 ਵਾਲਾ ਪਿਆਜ਼ 32 ਰੁਪਏ ਕਿੱਲੋ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਪਹਿਲੇ ਦਿਨ ਕਰੀਬ 750 ਕਿੱਲੋ ਪਿਆਜ਼ ਵੇਚਿਆ। ਸ਼ਹਿਰ ਦੇ ਕਈ ਕਾਊਂਟਰਾਂ ਤੇ ਪਿਆਜ਼ ਦੋ ਘੰਟੇ ਚੇ ਹੀ ਖ਼ਤਮ ਹੋ ਗਿਆ। ਬਾਜ਼ਾਰੀ ਕੀਮਤਾਂ ਵਧਣ ਕਾਰਨ ਅੱਜਕਲ੍ਹ ਪਿਆਜ਼ ਦੀ ਬਹੁਤ ਜ਼ਿਆਦਾ ਮੰਗ ਹੈ। ਅਜੇਹੇ ਸਮੇਂ ਲੋਕਾਂ ਦੀ ਮੰਗ ਪੂਰੀ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਸਤੀ ਕੀਮਤ ਤੇ ਪਿਆਜ਼ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੇ ਲੋਕਾਂ ਦੀ ਥਾਲੀ ਦਾ ਜ਼ਾਇਕਾ ਕਿਤੇ ਵਿਗੜ ਨਾ ਜਾਵੇ।

ਇਕ ਪਰਿਵਾਰ ਨੂੰ ਦੋ ਕਿੱਲੋ ਪਿਆਜ਼ ਦੀ ਦਿੱਤਾ ਜਾ ਰਿਹਾ

ਫੂ਼ਡ ਐਂਡ ਸਪਲਾਈ ਡਿਪਾਰਟਮੈਂਟ ਵਲੋਂ ਸ਼ਹਿਰ ਚ ਪੰਜ ਜਗ੍ਹਾ ਕਾਊਂਟਰ ਲਗਾਏ ਗਏ ਹਨ। ਇਨ੍ਹਾਂ ਵਿਚ ਮੌਲੀਜਾਗਰਾਂ, ਥਨਾਸ, ਮਲੋਇਆ, ਰਾਮ ਦਰਬਾਰ ਅਤੇ ਮਨੀਮਾਜਰਾ ਕਮਿਊਨਿਟੀ ਸੈਂਟਰ ਚ ਵੀਰਵਾਰ ਨੂੰ ਪਿਆਜ਼ ਦੇ ਕਾਊਂਟਰ ਲਗਾਏ ਗਏ। ਇਨ੍ਹਾਂ ਸਭ ਤੋਂ ਇਲਾਵਾ ਡਿਪਾਰਟਮੈਂਟ ਵਲੋਂ ਦੋ ਮੋਬਾਈਲ ਵੈਨ ਵੀ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਬੁੜੈਲ ਤੇ ਡੱਡੂਮਾਜਰਾ ਚ ਜਾ ਕੇ ਲੋਕਾਂ ਨੂੰ ਪਿਆਜ਼ ਮੁਹੱਈਆ ਕਰਵਾਇਆ। ਫੂਡ ਐਂਡ ਸਪਲਾਈ ਡਿਪਾਰਟਮੈਂਟ ਵਲੋਂ ਹਰੇਕ ਪਰਿਵਾਰ ਨੂੰ ਇਕ ਹਫ਼ਤੇ ਲਈ ਦੋ ਕਿੱਲੋ ਪਿਆਜ਼ ਦਿੱਤਾ ਜਾ ਰਿਹਾ ਹੈ। ਡਿਪਾਰਟਮੈਂਟ ਵਲੋਂ ਇਸ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ। ਇੱਥੋਂ ਤਕ ਕਿ ਲੋਕਾਂ ਦਾ ਆਧਾਰ ਕਾਰਡ ਦੇਖਣ ਤੋਂ ਬਾਅਦ ਹੀ ਪਿਆਜ਼ ਦਿੱਤਾ ਜਾ ਰਿਹਾ ਹੈ ਤਾਂ ਜੋ ਸ਼ਹਿਰੋਂ ਬਾਹਰਲੇ ਲੋਕਾਂ ਨੂੰ ਪਿਆਜ਼ ਨਾ ਦਿੱਤਾ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ