ਅਫਗਾਨੀ ਪਿਆਜ਼ ਵੀ ਨਾ ਦੇ ਸਕਿਆ ਭਾਰਤੀਆਂ ਨੂੰ ਰਾਹਤ, ਕੀਮਤ 100 ਤੋਂ ਪਾਰ

December 10 2019

ਭਾਰਤ ਵਿੱਚ ਮਹਿੰਗੇ ਪਿਆਜ਼ ਨਾਲ ਵਿਗੜੇ ਰਸੋਈ ਦੇ ਸਵਾਦ ਨੂੰ ਠੀਕ ਕਰਨ ਲਈ ਅਫਗਾਨੀ ਗੰਢੇ ਭਾਰਤ ਦੀ ਮਾਰਕੀਟ ਵਿੱਚ ਪਿਛਲੇ ਹਫਤੇ ਤੋਂ ਲਗਾਤਾਰ ਦਸਤਕ ਦੇ ਰਹੇ ਹਨ। ਅਫਗਾਨਿਸਤਾਨ ਤੋਂ ਪਿਆਜ਼ ਦਾ ਵੱਡਾ ਸਟਾਕ ਅਟਾਰੀ ਰਸਤੇ ਭਾਰਤ ਵਿੱਚ ਪੁੱਜਾ ਹੈ। ਇਸ ਦੀ ਗਿਣਤੀ ਲਗਪਗ 200 ਦੇ ਕਰੀਬ ਟਰੱਕ ਹਨ ਪਰ ਹਾਲੇ ਵੀ ਭਾਰਤ ਵਿੱਚ ਖ਼ਾਸਕਰ ਉੱਤਰੀ ਭਾਰਤ ਵਿੱਚ ਪਿਆਜ਼ ਦੇ ਰੇਟ ਵਿੱਚ ਕੋਈ ਵੀ ਗਿਰਾਵਟ ਦਰਜ ਨਹੀਂ ਕੀਤੀ ਗਈ।

ਅੰਮ੍ਰਿਤਸਰ ਵਿੱਚ ਨਾਸਿਕ ਤੇ ਇੰਦੌਰ ਸਮੇਤ ਮਹਾਰਾਸ਼ਟਰ ਵਿੱਚੋਂ ਆਉਣ ਵਾਲੇ ਪਿਆਜ਼ ਨੂੰ 100 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ ਜਦਕਿ ਅਫ਼ਗਾਨੀ ਪਿਆਜ਼ 90 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਅਫਗਾਨਿਸਤਾਨ ਵਿੱਚੋਂ ਪਿਆਜ਼ ਭਾਰਤੀ ਵਪਾਰੀਆਂ ਨੂੰ ਸਸਤੇ ਭਾਅ ਮਿਲ ਗਿਆ ਪਰ ਭਾਰਤੀ ਲੋਕ ਅਫਗਾਨਿਸਤਾਨ ਦੇ ਪਿਆਜ਼ ਨੂੰ ਘੱਟ ਹੀ ਪਸੰਦ ਕਰ ਰਹੇ ਹਨ। ਲੋਕਾਂ ਦੀ ਪਹਿਲੀ ਪਸੰਦ ਭਾਰਤੀ ਪਿਆਜ਼ ਹੀ ਹੈ ਜੋ ਸਵਾਦ ਤੇ ਸਾਈਜ਼ ਮੁਤਾਬਕ ਆਮ ਲੋਕਾਂ ਦੀ ਪਹੁੰਚ ਤੱਕ ਫਿੱਟ ਬੈਠਦਾ ਹੈ।

ਅਫ਼ਗਾਨੀ ਪਿਆਜ਼ ਸਾਈਜ਼ ਵਿੱਚ ਵੱਡਾ ਤੇ ਘੱਟ ਸਵਾਦਿਸ਼ਟ ਕਰਕੇ ਭਾਰਤੀ ਲੋਕਾਂ ਨੂੰ ਘੱਟ ਪਸੰਦ ਆ ਰਿਹਾ ਹੈ। ਮੰਡੀਆਂ ਵਿੱਚ ਪਿਆਜ਼ ਦੇ ਆਸਮਾਨ ਨੂੰ ਛੂੰਹਦੇ ਰੇਟ ਕਾਰਨ ਆਮ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਦੂਜੇ ਪਾਸੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤਿਓਂ ਪਿਆਜ਼ ਮੰਗਵਾਉਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਮਹਾਰਾਸ਼ਟਰ ਵਿੱਚ ਬਾਰਸ਼ ਕਾਰਨ ਖਰਾਬ ਹੋਈ ਪਿਆਜ਼ ਦੀ ਫਸਲ ਕਾਰਨ ਇਸ ਵਾਰ ਰੇਟ ਅਸਮਾਨ ਨੂੰ ਛੂਹ ਰਹੇ ਹਨ।

ਉਨ੍ਹਾਂ ਨੂੰ ਮਜਬੂਰੀਵੱਸ ਅਫਗਾਨਿਸਤਾਨ ਤੋਂ ਪਿਆਜ਼ ਮੰਗਾਉਣਾ ਪੈ ਰਿਹਾ ਹੈ। ਇਹ ਓਨੀ ਤਾਂ ਨਹੀਂ ਪਰ ਜਿੰਨੀ ਹੋ ਸਕਦੀ ਹੈ ਭਾਰਤੀ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ। ਭਾਰਤ ਪਾਕਿ ਚੈਂਬਰ ਆਫ ਫੋਰਮ ਦੇ ਪ੍ਰਧਾਨ ਬਲਬੀਰ ਬਜਾਜ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਤੇ ਹਾਲੇ ਵੀ ਇੱਕ ਡੇਢ ਮਹੀਨਾ ਲੱਗੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ