ਅਨਾਜ ਮੰਡੀ ’ਚ ਸੈਨੇਟਾਈਜ਼ੇਸ਼ਨ ਮਸ਼ੀਨ ਲਗਾਈ

April 09 2020

ਚੰਡੀਗੜ੍ਹ ਨਗਰ ਨਿਗਮ ਨੇ ਸੈਕਟਰ-26 ਦੀ ਅਨਾਜ ਮੰਡੀ ਵਿੱਚ ਸੈਨੇਟਾਈਜੇਸ਼ਨ ਮਸ਼ੀਨ ਲਗਾਈ ਹੈ ਜਿਸ ਦਾ ਉਦਘਾਟਨ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਵੱਲੋਂ ਕੀਤਾ ਗਿਆ। ਇਸ ਮਸ਼ੀਨ ਨੂੰ ਅਨਾਜ ਮੰਡੀ ਦੇ ਐਂਟਰੀ ਪੁਆਇੰਟ ’ਤੇ ਲਗਾਇਆ ਗਿਆ ਹੈ। ਇਸ ਮਸ਼ੀਨ ਵਿੱਚ ਸੁਰੰਗ ਵਰਗਾ ਦਾਖਲਾ ਪੁਆਇੰਟ ਬਣਾਇਆ ਗਿਆ ਹੈ ਤੇ ਜਦੋਂ ਗਾਹਕ ਤੇ ਦੁਕਾਨਦਾਰ ਇਸ ਦੇ ਅੰਦਰ ਜਾਂਦੇ ਹਨ ਤਾਂ ਆਟੋਮੈਟਿਕ ਮਸ਼ੀਨ ਵਲੋਂ ਚਾਰੇ ਪਾਸਿਆਂ ਤੋਂ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਆਉਣ ਵਾਲਿਆਂ ਲਈ ਹੱਥਾਂ ਨੂੰ ਸਾਫ ਕਰਕੇ ਰੋਗਾਣੂੰ ਮੁਕਤ ਕਰਨ ਲਈ ਆਟੋਮੈਟਿਕ ਸੈਨੇਟਾਈਜੇਸ਼ਨ ਮਸ਼ੀਨ ਵੀ ਲਗਾਈ ਗਈ ਹੈ। ਪ੍ਰਸ਼ਾਸਨ ਦੇ ਮੈਡੀਕਲ ਸਟਾਫ ਵਲੋਂ ਮੰਡੀ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਥਰਮਲ ਜਾਂਚ ਕੀਤੀ ਜਾਂਦੀ ਹੈ। ਮੰਡੀ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਵੱਖ ਵੱਖ ਰਸਤਾ ਰੱਖਿਆ ਗਿਆ ਹੈ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਪਰੀਦਾ ਨੇ ਕਿਹਾ ਕਿ ਸ਼ਹਿਰ ਦੇ ਹੋਰ ਥਾਵਾਂ ’ਤੇ ਵੀ ਲੋੜ ਅਨੁਸਾਰ ਅਜਿਹੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਮੰਡੀ ਵਿੱਚ ਸਾਫ-ਸਫਾਈ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ