ਅਨਾਜ ਮੰਡੀ ਦੀ ਹਾਲਤ ਤਰਸਯੋਗ; ਸਹੂਲਤਾਂ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ

April 19 2019

ਆਮਦਨੀ ਪੱਖੋਂ ਪੰਜਾਬ ਮੰਡੀ ਬੋਰਡ ਪੰਜਾਬ ਸਰਕਾਰ ਦੇ ਮੁੱਖ ਵਿਭਾਗਾਂ ਵਿਚੋਂ ਇਕ ਹੈ, ਪਰ ਇਸ ਦੀਆਂ ਜਿਆਦਾਤਰ ਅਨਾਜ ਮੰਡੀਆਂ ਦੀ ਹਾਲਤ ਬਹੁਤੀ ਠੀਕ ਨਹੀਂ। ਜੇਕਰ ਅਨਾਜ ਮੰਡੀ ਮੋਰਿੰਡਾ ਦੀ ਗੱਲ ਕੀਤੀ ਜਾਵੇ ਤਾਂ ਇਹ ਮੰਡੀ ਵਿਕਾਸ ਕਾਰਜਾਂ ਖੁਣੋਂ ਤਰਸਯੋਗ ਹਾਲਤ ਵਿਚ ਚੱਲ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਚਲਾਕੀ, ਕਰਨੈਲ ਸਿੰਘ ਡੂਮਛੇੜੀ, ਭਿੰਦਰ ਸਿੰਘ ਮੁੰਡੀਆਂ, ਹਰਚੰਦ ਸਿੰਘ ਰਤਨਗੜ੍ਹ ਤੇ ਸੰਤੋਖ ਸਿੰਘ ਕਲਹੇੜੀ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿਚ ਵਿਕਣ ਆਉਂਦੀਆਂ ਜਿਣਸਾਂ ’ਤੇ ਵਸੂਲੀ ਜਾਂਦੀ ਆਰਡੀਐੱਫ ਅਤੇ ਮਾਰਕੀਟ ਫੀਸ ਦੀ ਵਸੂਲੀ ਕਰੋੜਾਂ ਰੁਪਏ ਵਿਚ ਹੁੰਦੀ ਹੈ, ਪਰ ਪੰਜਾਬ ਮੰਡੀ ਬੋਰਡ ਅਨਾਜ ਮੰਡੀਆਂ ਦੇ ਵਿਕਾਸ ਪ੍ਰਤੀ ਸੰਜੀਦਾ ਨਹੀਂ। ਅਨਾਜ ਮੰਡੀ ਮੋਰਿੰਡਾ ਦਾ ਇਹ ਹਾਲ ਹੈ ਕਿ ਇੱਥੇ ਅੰਦਰਲੀਆਂ ਸੜਕਾਂ ’ਤੇ ਡੂੰਘੇ ਅਤੇ ਚੌੜੇ ਖੱਡੇ ਪਏ ਹੋਏ ਹਨ, ਜਿਸ ਨਾਲ ਫ਼ਸਲ ਨਾਲ ਲੱਦੀਆਂ ਟਰਾਲੀਆਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਕਤ ਕਿਸਾਨ ਆਗੂਆਂ ਨੇ ਅਨਾਜ ਮੰਡੀ ਮੋਰਿੰਡਾ ਦਾ ਦੌਰਾ ਕਰਨ ਸਮੇਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿਚ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਢੁਕੱਵੇਂ ਪ੍ਰਬੰਧ ਅਤੇ ਕਿਸਾਨਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੋਰਿੰਡਾ ਅਨਾਜ ਮੰਡੀ ਵਿਚ ਹਾਲਾਤ ਇਸ ਤੋਂ ਉਲਟ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਸਫ਼ਾਈ ਦੇ ਪ੍ਰਬੰਧਾਂ, ਪੀਣ ਵਾਲੇ ਪਾਣੀ, ਕਿਸਾਨਾਂ ਦੇ ਬੈਠਣ ਲਈ ਛਾਂਦਾਰ ਜਗ੍ਹਾ ਤੇ ਹੋਰ ਬਹੁਤ ਸਾਰੇ ਪ੍ਰਬੰਧਾਂ ਦੀ ਘਾਟ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿਚ ਪੀਣ ਵਾਲੇ ਸਾਫ਼ ਅਤੇ ਠੰਢੇ ਪਾਣੀ ਦੀ ਸਹੂਲਤ ਨਹੀਂ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਲੱਗੇ ਦੋਵੋਂ ਵਾਟਰ ਕੂਲਰ ਚਾਲੂ ਨਹੀਂ ਕੀਤੇ ਗਏ। ਇਸੇ ਤਰ੍ਹਾਂ ਅਨਾਜ ਮੰਡੀ ਦੇ ਅੰਦਰ ਕਈ ਦੁਕਾਨਦਾਰਾਂ ਨੇ ਅਪਣੀ ਸਹੂਲਤ ਲਈ ਚਾਰ ਦੀਵਾਰੀ ਤੋੜ ਕੇ ਰਸਤੇ ਬਣਾਏ ਹੋਏ ਹਨ। ਅਨਾਜ ਮੰਡੀ ਦੇ ਬਹੁਤੇ ਗੇਟ ਟੁਟੇ ਹੋਏ ਜਾਂ ਖਰਾਬ ਹਨ, ਜਿਸ ਕਾਰਨ ਅਵਾਰਾ ਪਸ਼ਆਂ ਦੇ ਝੁੰਡ ਅਨਾਜ ਮੰਡੀ ਵਿਚ ਦਾਖਲ ਹੋ ਕੇ ਲੋਕਾਂ ਲਈ ਮੁਸੀਬਤਾਂ ਦਾ ਕਾਰਨ ਬਣਦੇ ਹਨ। ਇਸ ਕਾਰਨ ਪਿਛਲੇ ਸਮੇਂ ਵਿਚ ਅਨਾਜ ਮੰਡੀ ਵਿਚ ਚੋਰੀ ਦੀਆਂ ਵਾਰਦਾਤਾਂ ਵੀ ਵਾਪਰ ਚੁੱਕੀਆਂ ਹਨ। ਜਿਥੋਂ ਤੱਕ ਕਿਸਾਨਾਂ ਦੇ ਬੈਠਣ ਜਾਂ ਅਰਾਮ ਕਰਨ ਲਈ ਛਾਂਦਾਰ ਬੂਟਿਆਂ ਦੀ ਗੱਲ ਹੈ, ਕਈ ਛਾਂਦਾਰ ਦਰੱਖ਼ਤ ਦੇਖ-ਭਾਲ ਦੀ ਘਾਟ ਕਾਰਨ ਡਿੱਗ ਚੁੱਕੇ ਹਨ ਜਾਂ ਕਈ ਡਿਗਣ ਕਿਨਾਰੇ ਹਨ। ਗਰਮੀ ਤੋਂ ਬਚਣ ਲਈ ਕਿਸਾਨਾਂ ਦੇ ਬੈਠਣ ਲਈ ਦਰੱਖ਼ਤਾਂ ਹੇਠ ਬਣਾਏ ਥੜ੍ਹੇ ਵੀ ਢਹਿਢੇਰੀ ਹੋ ਚੁੱਕੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅਧਿਕਾਰੀ ਸਰਕਾਰੀ ਦੌਰੇ ਕਰਕੇ ਸਿਰਫ਼ ਕਾਗਜ਼ੀ ਖਾਨਾਪੂਰਤੀ ਕਰਦੇ ਹਨ, ਪਰ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਅਨਾਜ ਮੰਡੀ ਵਿਚ ਲਗਪਗ ਬੰਦ ਪਏ ਸੀਵਰੇਜ ਦੇ ਕਈ ਮੈਨਹੋਲ ਬਗੈਰ ਢੱਕਣ ਤੋਂ ਹਨ, ਜਿਥੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ