ਅਗਲੇ 48 ਘੰਟਿਆਂ ਚ ਕੇਰਲ ਪਹੁੰਚੇਗਾ ਮੌਨਸੂਨ, ਦਿੱਲੀ-NCR ਲਈ ਵੀ ਚੰਗੀ ਖ਼ਬਰ

June 06 2019

ਪੂਰੇ ਦੇਸ਼ ਵਿਚ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਹੁਣ ਖ਼ਤਰਨਾਕ ਗਰਮੀ ਕਾਰਨ ਮੌਸਮ ਦੀ ਜਾਣਕਾਰੀ ਰੱਖਣ ਵਾਲੀ ਏਜੰਸੀ ਨੇ ਇਕ ਰਾਹਤ ਦੀ ਖ਼ਬਰ ਦਿੱਤੀ ਹੈ। ਸਕਾਈਮੈੱਟ ਚ ਮੌਸਮ ਵਿਗਿਆਨੀ ਸਮਰ ਚੌਧਰੀ ਨੇ ਦੱਸਿਆ ਕਿ ਅਗਲੇ 48 ਘੰਟਿਆਂ ਦੇ ਅੰਦਰ ਕੇਰਲ ਚ ਮੌਨਸੂਨ ਪਹੁੰਚ ਸਕਦਾ ਹੈ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਇਸ ਸਾਲ ਮੌਨਸੂਨ ਕਮਜ਼ੋਰ ਰਹੇਗਾ। ਉੱਥੇ, ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਲਈ ਮੌਨਸੂਨ ਦੀਆਂ ਤਰੀਕਾਂ ਜੂਨ ਦੇ ਆਖ਼ਰੀ ਹਫ਼ਤੇ ਵਿਚ ਹਨ ਪਰ ਇਸ ਵਿਚ 10-15 ਦਿਨਾਂ ਦੀ ਦੇਰ ਹੋ ਸਕਦੀ ਹੈ।

ਚੌਧਰੀ ਨੇ ਦੱਸਿਆ ਕਿ ਇਹ ਪਿਛਲੇ 65 ਸਾਲਾਂ ਚ ਦੂਸਰਾ ਸਭ ਤੋਂ ਸੋਕੇ ਵਾਲਾ ਸਾਲ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਮੌਨਸੂਨ ਲਈ ਔਸਤਨ ਮੀਂਹ 131.5 ਮਿਲੀਮੀਟਰ ਹੈ ਜਦਕਿ ਜੋ ਦਰਜ ਕੀਤੀ ਗਈ ਹੈ ਉਹ 99 ਮਿਲੀਮੀਟਰ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਖ਼ਤਰਨਾਕ ਗਰਮੀ ਪੈ ਰਹੀ ਹੈ ਅਤੇ ਕੁਝ ਹਿੱਸਿਆਂ ਵਿਚ ਪਾਰਾ 50 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਮੌਨਸੂਨ ਦੀ ਦਸਤਕ ਲੋਕਾਂ ਲਈ ਕਿਸੇ ਵੱਡੀ ਰਾਹਤ ਤੋਂ ਘਟ ਨਹੀਂ ਹੈ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ