PBW-One Chapati: ਕਣਕ ਹੈ ਖ਼ਾਸ, ਦੇਵੇਗੀ ਸਿਹਤ ਦੇ ਨਾਲ ਨਾਲ ਮਿਠਾਸ

March 11 2021

ਪੰਜਾਬ ਖੇਤੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਪਲਾਂਟ ਬ੍ਰੀਡਿੰਗ ਤੇ ਜੈਨੇਟਿਕ ਵਿਭਾਗ ਨੇ ਕਣਕ ਦੀ ਇਹੋ ਜਿਹੀ ਕਿਸਮ ਤਿਆਰ ਕੀਤੀ ਹੈ ਜਿਹੜੀ ਸੁਆਦ ਤੇ ਸਿਹਤ ਦੇ ਪੱਖੋਂ ਖ਼ਾਸ ਹੈ। 

ਇਹਦੇ ਆਟੇ ਦੀ ਮਿਠਾਸ ਦਾ ਪੱਧਰ ਕਣਕ ਦੀਆਂ ਆਮ ਕਿਸਮਾਂ ਨਾਲੋਂ ਜ਼ਿਆਦਾ ਹੈ। ਇਸ ਨਾਲ ਬਣੀ ਰੋਟੀ ਘੰਟਿਆਂ ਤਕ ਨਰਮ ਤੇ ਤਾਜ਼ਾ ਰਹਿੰਦੀ ਹੈ। ਗੁੰਨਣ ਮਗਰੋਂ ਰੰਗ ਕਾਲਾ ਨਹੀਂ ਹੁੰਦਾ ਸਗੋਂ 24 ਘੰਟਿਆਂ ਮਗਰੋਂ ਆਟਾ ਨਰਮ ਰਹਿੰਦਾ ਹੈ। 

ਬ੍ਰੈੱਡ ਬਣਾਉਣ ਵਾਲੀਆਂ ਇਕਾਈਆਂ ਲਈ ਇਹ ਆਟਾ ਫ਼ਾਇਦਾਮੰਦ ਰਹੇਗਾ। ਪੀਏਯੂ ਨੇ ਇਸ ਕਿਸਮ ਨੂੰ ਪੀਬੀਡਬਲਿਊ-ਵਨ ਚਪਾਤੀ ਨਾਂ ਦਿੱਤਾ ਹੈ। ਇਸ ਕਿਸਮ ਨੂੰ ਕਣਕ ਦੀਆਂ ਤਿੰਨ ਬਿਹਤਰੀਨ ਤੇ ਪੁਰਾਣੀਆਂ ਕਿਸਮਾਂ ਵਿਚ ਸੁਧਾਰ ਪਿੱਛੋਂ ਤਿਆਰ ਕੀਤਾ ਹੈ।

ਸੀਨੀਅਰ ਵਿਗਿਆਨੀ ਡਾ. ਵੀਐੱਸ ਸੋਹੂ ਆਖਦੇ ਹਨ ਕਿ ਜਦੋਂ ਵੀ ਅਸੀਂ ਅਨਾਜ ਦੀ ਕੋਈ ਕਿਸਮ ਤਿਆਰ ਕਰਦੇ ਹਾਂ ਤਾਂ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਰੇਟਿੰਗ ਕਰਦੇ ਹਾਂ। ਚਪਾਤੀ ਸਕੋਰਿੰਗ ਜਾਂ ਰੇਟਿੰਗ ਤੋਂ ਪਤਾ ਲੱਗਦਾ ਹੈ ਕਿ ਨਵੀਂ ਕਿਸਮ ਪੁਰਾਣੀ ਨਾਲੋਂ ਕਿੰਨੀ ਬਿਹਤਰ ਹੈ। ਇਸ ਦੀ ਸਕੋਰਿੰਗ ਹੋਰ ਕਿਸਮਾਂ ਨਾਲੋਂ ਬਿਹਤਰ ਹੈ, ਇਸ ਵਿਚ ਮਿਠਾਸ (ਸ਼ੂਗਰ) 48.8 ਫ਼ੀਸਦ ਪਾਈ ਗਈ ਹੈ ਜਦਕਿ ਕਣਕ ਦੀ ਦੇਸੀ ਕਿਸਮ ਸੀ-306 ਵਿਚ ਇਹ 43.1 ਫ਼ੀਸਦ ਤੇ ਐੱਚਡੀ-3086 ਵਿਚ 35.7 ਫ਼ੀਸਦ ਹੈ। ਛੇ ਘੰਟੇ ਆਟਾ ਗੁੰਨਣ ਮਗਰੋਂ ਰੋਟੀ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਇਸ ਦੀ ਸਕੋਰਿੰਗ 4.8 ਪਾਈ ਗਈ ਜਦਕਿ ਸੀ-306 ਵਿਚ ਇਹ 4.5 ਤੇ ਐੱਚਡੀ-3086 ਵਿਚ 2.1 ਹੈ। ਦੂਜੇ ਪਾਸੇ ਆਮ ਕਣਕ ਦੀ ਰੋਟੀ ਦੀ ਗੁਣਵੱਤਾ 2.1 ਤਕ ਹੁੰਦੀ ਹੈ। ਇਸੇ ਤਰ੍ਹਾਂ ਗੁੰਨਣ ਮਗਰੋਂ ਕਾਲੇ ਪੈਣ ਦੀ ਦਰ ਸਿਰਫ਼ 2.2 ਹੁੰਦੀ ਹੈ ਜਦਕਿ ਐੱਚਡੀ3086 ਵਿਚ ਇਹ 5.8 ਹੁੰਦੀ ਹੈ।

ਕਿਉਂ ਕਾਲਾ ਨਹੀਂ ਪੈਂਦਾ ਆਟਾ

ਕਣਕ ਦੀ ਪੀਬੀਡਬਲਿਊ-ਵਨ ਚਪਾਤੀ ਕਿਸਮ ਵਿਚ ਪੋਲੀ ਫਿਨੋਲ ਔਕਸੀਡੇਜ਼ ਇੰਜਾਇਮ (ਫਿਨੋਲ ਰਿਐਕਸ਼ਨ) ਕਣਕ ਦੀਆਂ ਹੋਰਨਾਂ ਕਿਸਮਾਂ ਦੀ ਤੁਲਨਾ ਵਿਚ ਬੇਹੱਦ ਘੱਟ ਹੈ। ਇਸ ਦੇ ਸਦਕਾ ਆਟਾ ਗੁੰਨੇ ਜਾਣ ਮਗਰੋਂ ਕਈ ਘੰਟਿਆਂ ਬਾਅਦ ਵੀ ਰੰਗ ਕਾਲਾ ਨਹੀਂ ਹੁੰਦਾ।

ਫ਼ਸਲ ਤੇ ਰੋਗਾਂ ਦਾ ਅਸਰ ਘੱਟ

ਡਾ. ਵੀਐੱਸ ਸੋਹੂ ਆਖਦੇ ਹਨ ਕਿ ਇਸ ਕਿਸਮ ਦੀ ਫ਼ਸਲ ਤੇ ਪੀਲੀ ਕੁੰਗੀ (ਯੈਲੋ ਰਸਟ) ਤੇ ਭੂਰੀ ਕੁੰਗੀ (ਬ੍ਰਾਊਨ ਰਸਟ) ਨਾਲੋਂ ਲੜਣ ਵਿਚ ਸਮਰੱਥ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran