PAU ਨੇ ਖੇਤੀ ਸੰਬੰਧੀ ਦਿੱਤੀ ਆਨਲਾਈਨ ਸਿਖਲਾਈ

August 01 2020

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਐਗਰੀ-ਬਿਜ਼ਨਸ ਸਟਾਰਟਅਪ“ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਲਗਭਗ 25 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ ਡਾ. ਤੇਜਿੰਦਰ ਸਿੰਘ ਰਿਆੜ ਨੇ ਸਿਖਿਆਰਥੀਆਂ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਿਖਿਆਰਥੀ ਆਪਣੇ ਕਿੱਤੇ ਨੂੰ ਕਿਵੇਂ ਉਚਾਈਆਂ ਤੇ ਲੈ ਜਾ ਸਕਦੇ ਹਨ । ਉਹਨਾਂ ਨੇ ਨਵਾਂ ਖੇਤੀਬਾੜੀ ਕਿੱਤਾ ਸ਼ੁਰੂ ਕਰਕੇ ਆਪਣੀ ਆਮਦਨੀ ਵਿਚ ਵਾਧਾ ਕਰਨ ਦੇ ਗੁਰ ਵੀ ਦੱਸੇ ।

ਇਸ ਮੌਕੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਐਗਰੀ-ਬਿਜ਼ਨਸ ਸਟਾਰਟਅਪ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਇੰਜ. ਕਰਨਵੀਰ ਗਿੱਲ, ਬਿਜ਼ਨਸ ਮੈਨੇਜਰ (ਪਾਬੀ ਪ੍ਰੋਜੈਕਟ) ਨੇ ਐਗਰੀ ਸਟਾਰਟਅਪ ਲਈ ਪੰਜਾਬ ਐਗਰੀ-ਬਿਜ਼ਨਸ ਇੰਕੂਬੇਸ਼ਨ ਸੈਂਟਰ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਸ਼੍ਰੀ ਰਾਹੁਲ ਗੁਪਤਾ, ਅਸਿਸਟੈਂਟ ਮੈਨੇਜਰ (ਪਾਬੀ ਪ੍ਰੋਜੈਕਟ) ਅਤੇ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ, ਬਿਜ਼ਨਸ ਐਗਜੀਕੀਊਟਿਵ (ਪਾਬੀ ਪ੍ਰੋਜੈਕਟ) ਨੇ ਐਗਰੀ-ਬਿਜ਼ਨਸ ਸਟਾਰਟਅਪ ਕੀ ਹੈ ਇਸ ਵਿਸ਼ੇ ਤੇ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ‘ਤੇ ਪਾਬੀ ਪ੍ਰੋਗਰਾਮ ਦੇ ਸਫ਼ਲ ਉੱਦਮੀਆਂ ਨੇ ਜਿਵੇਂ ਸ਼੍ਰੀ ਜਗਤਾਰ ਸਿੰਘ ਬੀ-ਟ੍ਰੀਟ ਨੈਚੁਰਲ ਪ੍ਰਾਈਵੇਟ ਲਿਮੀਟਡ, ਸ਼੍ਰੀ ਗੁਰਸੇਵਕ ਸਿੰਘ ਮਾਸਟਰਬ੍ਰੇਨ ਐਗਰੋ ਇੰਡਸਟਰੀ ਪ੍ਰਾਈਵੇਟ ਲਿਮੀਟਡ, ਸ਼੍ਰੀ ਪੰਕਜ ਕੁਮਾਰ ਨੇਸੈਂਟ ਐਗਰੀਮੈਕ ਅਤੇ ਸ਼੍ਰੀ ਨਰਪਿੰਦਰ ਸਿੰਘ ਧਾਲੀਵਾਲ, ਧਾਲੀਵਾਲ ਮਧੂ-ਮੱਖੀ ਫਾਰਮ ਪ੍ਰਾਈਵੇਟ ਲਿਮੀਟਡ ਨੇ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ਆਪਣੇ ਸਫ਼ਲ ਉੱਦਮੀ ਬਨਣ ਦੇ ਸਫਰ, ਔਕੜਾਂ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਸਿਖਿਆਰਥੀਆਂ ਨੂੰ ਐਗਰੀ-ਬਿਜ਼ਨਸ ਸਟਾਰਟਅਪ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕੀਤਾ।

ਅੰਤ ਵਿਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿਚ ਅਪਨਾਉਣ ਦੀ ਸਲਾਹ ਦਿੱਤੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman