ਭਾਰੀ ਮੀਂਹ ਨੇ ਕੱਖੋਂ ਹੌਲੇ ਕੀਤੇ ਕਿਸਾਨ, ਖੇਤਰੀ ਮਾਹਿਰਾਂ ਨੂੰ ਵੱਡੇ ਨੁਕਸਾਨ ਦਾ ਖਦਸ਼ਾ

September 25 2018

ਚੰਡੀਗੜ੍ਹ: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਲਗਾਤਾਰ ਬਾਰਸ਼ ਨੇ ਕਿਸਾਨਾਂ ਦਾ ਬੇਹੱਦ ਉਜਾੜਾ ਕੀਤਾ। ਪਹਿਲੀ ਅਕਤੂਬਰ ਤੋਂ ਪੰਜਾਬ ਦੀ ਦੂਜੀ ਮੁੱਖ ਫ਼ਸਲ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਸੀ ਪਰ ਬਾਰਸ਼ ਕਾਰਨ ਖ਼ਰੀਦ ਵੀ ਪੱਛੜ ਕੇ ਰਹਿ ਜਾਵੇਗੀ। ਸਿਰਫ਼ ਝੋਨਾ ਹੀ ਨਹੀਂ ਇਹ ਮੀਂਹ ਸਾਉਣੀ ਦੀਆਂ ਹੋਰ ਫ਼ਸਲਾਂ ਕਪਾਹ, ਮੱਕੀ ਤੇ ਗੰਨਾ ਆਦਿ ਲਈ ਵੀ ਬੇਹੱਦ ਖ਼ਤਰਨਾਕ ਹੈ।

ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਜੇਐਸ ਬੈਂਸ ਨੇ ਦੱਸਿਆ ਕਿ ਦੂਰ-ਦੂਰ ਤਕ ਪੈ ਰਹੇ ਲਗਾਤਾਰ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ, ਜੋ ਫ਼ਸਲਾਂ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ। ਸੂਬੇ ਵਿੱਚ ਤਕਰੀਬਨ 2.84 ਲੱਖ ਹੈਕਟੇਅਰ ਰਕਬੇ ਵਿੱਚ ਲੱਗੀ ਨਰਮੇ ਦੀ ਫ਼ਸਲ ਖੇਤਾਂ ਵਿੱਚ ਪਾਣੀ ਭਰਨ ਕਾਰਨ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਤਕਰੀਬਨ ਸਾਢੇ 30 ਲੱਖ ਹੈਕਟੇਅਰ ਰਕਬੇ ਉਤੇ ਬੀਜੇ ਝੋਨੇ ਵਿੱਚੋਂ ਸਵਾ ਪੰਜ ਲੱਖ ਹੈਕਟੇਅਰ ਛੇਤੀ ਪੱਕਣ ਵਾਲੇ ਬਾਸਮਤੀ ਚੌਲ ਹਨ, ਜਿਨ੍ਹਾਂ ਦੀ ਵਾਢੀ ਜਾਰੀ ਸੀ, ਪਰ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ।

ਬਾਸਮਤੀ ਦੀ 1509 ਕਿਸਮ ਤਕਰੀਬਨ ਤਿੰਨ ਮਹੀਨਿਆਂ ਵਿੱਚ ਪੱਕ ਜਾਂਦੀ ਹੈ ਤੇ ਇਸੇ ਕਿਸਮ ਦੇ ਝੋਨੇ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਮਾਲਵੇ ਦੇ ਪਟਿਆਲਾ ਤੇ ਮਾਝੇ ਦੇ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਦੋ ਲੱਖ ਟਨ 1509 ਪ੍ਰੀਮੀਅਮ ਬਾਸਮਤੀ ਪਹਿਲਾਂ ਤੋਂ ਹੀ ਕਟਾਈ ਹੋ ਚੁੱਕੀ ਸੀ। ਇਸ ਸਮੇਂ ਮੰਡੀਆਂ ਵਿੱਚ ਪਈ ਹੈ ਪਰ ਇੱਥੇ ਆ ਕੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ, ਕਿਉਂਕਿ ਜ਼ਬਰਦਸਤ ਮੀਂਹ ਕਾਰਨ ਬਾਸਮਤੀ ਵਿੱਚ ਲੋੜੀਂਦੀ ਨਮੀ 25 ਤੋਂ ਵਧ ਕੇ 50 ਫ਼ੀਸਦ ਤਕ ਪਹੁੰਚ ਚੁੱਕੀ ਹੈ। ਇੰਨੀ ਨਮੀ ਵਾਲਾ ਝੋਨਾ ਵਿਕਣਯੋਗ ਨਹੀਂ।

ਬੈਂਸ ਨੇ ਦੱਸਿਆ ਕਿ ਇਸ ਵਾਰ ਪੰਜਾਬ ਚ ਝੋਨੇ ਦਾ ਝਾੜ 190 ਤੋਂ 200 ਲੱਖ ਟਨ ਹੋਣ ਦੀ ਆਸ ਸੀ, ਪਰ ਇਸ ਬੰਪਰ ਆਸ ਤੇ ਪਾਣੀ ਫਿਰ ਗਿਆ ਹੈ। ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਸਰਕਾਰ ਵੱਲੋਂ ਖਰੀਦ ਪ੍ਰਕਿਰਿਆ ਵਿੱਚ ਹਾਲੇ ਤਕ ਕਿਸੇ ਵੀ ਕਿਸਮ ਦੀ ਰਿਆਇਤ ਦਾ ਐਲਾਨ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 180 ਐਮਐਮ ਬਰਸਾਤ ਦਰਜ ਕੀਤੀ ਗਈ, ਜਿੱਥੇ ਪੂਰੇ ਪੰਜਾਬ ਦੇ ਮੁਕਾਬਲੇ 60 ਫ਼ੀਸਦੀ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ। ਇਸ ਤੋਂ ਬਾਅਦ ਜਲੰਧਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ 135 ਐਮਐਮ ਤੇ 123 ਐਮਐਮ ਵਰਖਾ ਦਰਜ ਕੀਤੀ ਗਈ। ਇੰਨੇ ਥੋੜ੍ਹੇ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਪਏ ਮੀਂਹ ਨੇ ਪਾਣੀ ਦੀ ਨਿਕਾਸੀ ਨਾ ਹੋ ਸਕੀ ਤੇ ਫ਼ਸਲਾਂ ਡੁੱਬ ਗਈਆਂ ਹਨ।

ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਦੀ ਬਰਸਾਤ ਜਿੱਥੇ ਝੋਨੇ ਵਿੱਚ ਨਮੀ ਦੀ ਮਾਤਰਾ ਵਧਾਏਗੀ, ਉੱਥੇ ਇਸ ਦਾ ਰੰਗ ਵੀ ਉੱਡ ਜਾਵੇਗਾ। ਇੰਨੇ ਬਰਸਾਤ ਕਾਰਨ ਝੋਨੇ ਦੀ ਵਾਢੀ ਪਹਿਲਾਂ ਹੀ 10-15 ਦਿਨ ਪੱਛੜ ਗਈ ਹੈ। ਜੇਕਰ ਖੇਤਾਂ ਵਿੱਚੋਂ ਪਾਣੀ ਨਹੀਂ ਕੱਢਿਆ ਜਾਂਦਾ ਤੇ ਤੇਜ਼ ਹਵਾਵਾਂ ਨਹੀਂ ਥੰਮ੍ਹਦੀਆਂ ਤਾਂ ਕਿਸਾਨਾਂ ਨੂੰ ਹੋਰ ਵੀ ਵੱਡਾ ਨੁਕਸਾਨ ਝੱਲਣਾ ਪਵੇਗਾ।

Source: ABP Sanjha