ਕੈਪਟਨ ਨੇ ਇੱਕ ਲੱਖ ਤੋਂ ਵੱਧ ਕਿਸਾਨਾਂ ਦੇ ਕਰਜ਼ ਤੇ ਮਾਰੀ ਲਕੀਰ

December 08 2018

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਰਜ਼ ਮਾਫੀ ਦੇ ਦੂਜੇ ਗੇੜ ਦੇ ਪਹਿਲੇ ਸਮਾਗਮ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ ਸਿਰ ਚੜ੍ਹੇ ਕਮਰਸ਼ੀਅਲ ਬੈਂਕਾਂ ਦੇ ਕਰਜ਼ ਮੁਆਫ ਕੀਤੇ। ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ ਮਾਫੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮਾਫ ਕੀਤੇ ਸਨ।

ਕੈਪਟਨ ਅਮਰਿੰਦਰ ਨੇ ਪਟਿਆਲਾ ਨੇੜੇ ਓਮੈਕਸ ਸਿਟੀ ਕੋਲ ਕਰਵਾਏ ਸਮਾਗਮ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫਿਕੇਟ ਵੰਡੇ। ਸਮਾਗਮ ਵਿੱਚ ਕੈਪਟਨ ਅਮਰਿੰਦਰ ਸਣੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸਟੇਜ ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਸਨ।

ਦੂਜੇ ਗੇੜ ਵਿੱਚ ਤਕਰੀਬਨ 1 ਲੱਖ 10 ਹਜ਼ਾਰ ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ। ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਜੋ ਕਿਹਾ, ਉਹ ਕਰਕੇ ਦਿਖਾਇਆ। ਪੰਜਾਬ ਦੇ ਕਿਸਾਨਾਂ ਦੀ ਜੇਕਰ ਕਿਸੇ ਨੇ ਬਾਂਹ ਫੜੀ ਹੈ ਤਾਂ ਉਹ ਕਾਂਗਰਸ ਸਰਕਾਰ ਨੇ ਫੜੀ ਹੈ।

 

Source: ABP Sanjha