ਸੂਰਜਮੁਖੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ

February 12 2018

ਜਲੰਧਰ - ਸੂਰਜਮੁਖੀ ਵਾਸਤੇ ਪਹਿਲੀ ਗੋਡੀ ਉੱਗਣ ਤੋਂ 2-3 ਹਫਤੇ ਅਤੇ ਦੂਜੀ ਗੋਡੀ ਜੇਕਰ ਲੋੜ ਪਵੇ ਤਾਂ ਉਸ ਤੋਂ 3 ਹਫਤੇ ਪਿੱਛੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਿਜਾਈ ਦੇ ਸਮੇਂ ਤੋਂ ਹੀ ਨਦੀਨਾਂ ਦੀ ਰੋਕਥਾਮ ਘੱਟ ਲਾਗਤ ਅਤੇ ਜ਼ਿਆਦਾ ਕਾਰਗਰ ਤਰੀਕੇ ਨਾਲ ਕਰਨ ਲਈ ਇਕ ਲੀਟਰ ਸਟੌਂਪ 30 ਈ. ਸੀ. (ਪੈਂਡੀਮੇਥਾਲਿਨ) ਨੂੰ 150-200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2-3 ਦਿਨਾਂ ਚ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਨਦੀਨਨਾਸ਼ਕ ਦੇ ਛਿੜਕਾਅ ਲਈ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੈੱਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ।

ਸਿੰਚਾਈ : ਸਿੱਧੀ ਬੀਜੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਦਿਓ। ਮਾਰਚ ਦੇ ਮਹੀਨੇ ਵਿਚ 2-3 ਹਫਤਿਆਂ ਦੇ ਵਕਫੇ ਬਾਅਦ ਅਤੇ ਅਪ੍ਰੈਲ-ਮਈ ਦੇ ਮਹੀਨੇ ਵਿਚ 8-10 ਦਿਨਾਂ ਬਾਅਦ ਸਿੰਚਾਈ ਕਰੋ। ਇਹ ਵਕਫ਼ਾ ਮੌਸਮ ਦੇ ਹਿਸਾਬ ਨਾਲ ਘੱਟ ਜਾਂ ਵੱਧ ਹੋ ਸਕਦਾ ਹੈ। ਇਸ ਤਰ੍ਹਾਂ ਬਹਾਰ ਰੁੱਤ ਦੀ ਸੂਰਜਮੁਖੀ ਦੀ ਫਸਲ ਨੂੰ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਫਸਲ ਨੂੰ 50% ਫੁੱਲ ਪੈਣ ਸਮੇਂ, ਦਾਣੇ ਬਣਨ ਸਮੇਂ ਅਤੇ ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਹੋਣ ਦੀ ਅਵਸਥਾ ਤੇ ਸਿੰਚਾਈ ਜ਼ਰੂਰੀ ਹੈ।

ਅਖੀਰਲਾ ਪਾਣੀ ਫਸਲ ਵੱਢਣ ਤੋਂ ਲੱਗਭਗ 2 ਹਫਤੇ ਪਹਿਲਾਂ ਦਿਓ। ਤੁਪਕਾ ਸਿੰਚਾਈ ਵਿਧੀ ਅਪਣਾ ਕੇ ਲੱਗਭਗ 20 ਫੀਸਦੀ ਪਾਣੀ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਵਿਧੀ ਵਿਚ ਸੂਰਜਮੁਖੀ ਦੀਆਂ ਵੱਟਾਂ ਤੇ (60 ਸੈਂਟੀਮੀਟਰ 30 ਸੈਂਟੀਮੀਟਰ) ਬਿਜਾਈ ਤੋਂ ਬਾਅਦ ਹਰ ਇਕ ਵੱਟ ਉਪਰ ਬਾਰੀਕ ਪਾਈਪ (ਲੇਟਰਲ ਪਾਈਪ) ਵਿਛਾਓ, ਜਿਸ ਉੱਪਰ 30 ਸੈਂਟੀਮੀਟਰ ਦੀ ਦੂਰੀ ਤੇ ਡਰਿਪਰ ਲੱਗੇ ਹੋਣ।  ਬਿਜਾਈ ਤੋਂ ਇਕ ਮਹੀਨੇ ਬਾਅਦ, ਤਿੰਨ ਦਿਨਾਂ ਦੇ ਵਕਫੇ ਤੇ ਪਾਣੀ ਲਾਓ। ਇਸ ਵਿਧੀ ਵਿਚ 8 ਕਿਲੋ ਯੂਰੀਆ, 12 ਕਿਲੋ ਸਿੰਗਲ ਸੁਪਰਫਾਸਫੇਟ ਅਤੇ ਸਿਫਾਰਿਸ਼ ਕੀਤੀ ਗਈ ਪੋਟਾਸ਼ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਬਿਜਾਈ ਦੇ ਇਕ ਮਹੀਨੇ ਬਾਅਦ ਸ਼ੁਰੂ ਕਰਕੇ 32 ਕਿਲੋ ਯੂਰੀਆ ਅਤੇ 12 ਲੀਟਰ ਓਰਥੋਫਾਸਫੋਰਿਕ ਐਸਿਡ (88%) 5 ਬਰਾਬਰ ਕਿਸ਼ਤਾਂ ਵਿਚ ਤੁਪਕਾ ਸਿੰਚਾਈ ਰਾਹੀਂ ਅਗਲੇ 45 ਦਿਨਾਂ ਤਕ ਵਰਤੋ।

ਰਲਵੀਂ ਖੇਤੀ : ਵਧੇਰੇ ਮੁਨਾਫੇ ਲਈ ਸੂਰਜਮੁਖੀ ਤੇ ਮੈਂਥੇ ਦੀ ਰਲਵੀਂ ਫਸਲ ਬੀਜੀ ਜਾ ਸਕਦੀ ਹੈ। ਇਸ ਲਈ ਜਨਵਰੀ ਦੇ ਅਖੀਰ ਵਿਚ ਸੂਰਜਮੁਖੀ ਦੀਆਂ ਦੋ ਕਤਾਰਾਂ (ਉੱਤਰ-ਦੱਖਣ ਦਿਸ਼ਾ ਵਿਚ) ਵਿਚਕਾਰ ਮੈਂਥੇ ਦੀਆਂ ਦੋ ਕਤਾਰਾਂ ਲਗਾਓ।

ਸੂਰਜਮੁਖੀ ਲਈ ਕਤਾਰ ਤੋਂ ਕਤਾਰ ਦਾ ਫਾਸਲਾ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫਾਸਲਾ ਰੱਖੋ। ਮੈਂਥੇ ਦੀ ਰਲਵੀਂ ਫਸਲ ਲਈ 150 ਕਿਲੋ ਜੜ੍ਹਾਂ ਪ੍ਰਤੀ ਏਕੜ ਦੀ ਲੋੜ ਪੈਂਦੀ ਹੈ।  ਸੂਰਜਮੁਖੀ ਤੇ ਮੈਂਥੇ ਦੀ ਰਲਵੀਂ ਫਸਲ ਲਈ ਸੂਰਜਮੁਖੀ ਨੂੰ ਸਿਫਾਰਿਸ਼ ਕੀਤੀਆਂ ਖਾਦਾਂ ਤੋਂ ਇਲਾਵਾ ਮੈਂਥੇ ਲਈ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ) ਅਤੇ 75 ਕਿਲੋ ਸਿੰਗਲ ਸੁਪਰਫਾਸਫੇਟ (12 ਕਿਲੋ ਫਾਸਫੋਰਸ) ਪ੍ਰਤੀ ਏਕੜ ਦੀ ਵਰਤੋਂ ਕਰੋ। ਸਿੰਗਲ ਸੁਪਰਫਾਸਫੇਟ ਦੀ ਸਾਰੀ ਮਾਤਰਾ ਬਿਜਾਈ ਸਮੇਂ, ਯੂਰੀਆ ਦੀ ਅੱਧੀ ਮਾਤਰਾ ਬਿਜਾਈ ਵੇਲੇ ਅਤੇ ਅੱਧੀ ਬਿਜਾਈ ਤੋਂ 40 ਦਿਨਾਂ ਬਾਅਦ ਪਾਓ।

ਪੰਛੀਆਂ ਤੋਂ ਬਚਾਓ : ਬੀਜ ਪੁੰਗਰਨ ਵੇਲੇ ਕਾਂ ਫਸਲ ਦਾ ਕਾਫੀ ਨੁਕਸਾਨ ਕਰਦੇ ਹਨ, ਜਿਨ੍ਹਾਂ ਤੋਂ ਬਚਾਅ ਲਈ ਬੀਜ ਜੰਮਣ ਦੌਰਾਨ ਕੁਝ ਦਿਨਾਂ ਤਕ ਸਵੇਰੇ-ਸ਼ਾਮ ਕੁਝ ਸਮੇਂ ਤਕ ਖੇਤ ਦੀ ਰਾਖੀ ਜ਼ਰੂਰੀ ਹੈ। ਦਾਣੇ ਬਣਨ ਤੋਂ ਫਸਲ ਪੱਕਣ ਦੌਰਾਨ ਤੋਤੇ ਫਸਲ ਦਾ ਕਾਫੀ ਨੁਕਸਾਨ ਕਰਦੇ ਹਨ। ਡਰਨੇ ਲਗਾ ਕੇ, ਸਵੇਰੇ ਅਤੇ ਸ਼ਾਮ ਦੇ ਸਮੇਂ ਉੱਚੀ ਆਵਾਜ਼ ਵਿਚ ਚਿਤਾਵਨੀ ਭਰੀਆਂ ਰਿਕਾਰਡ ਕੀਤੀਆਂ ਆਵਾਜ਼ਾਂ, ਪੰਛੀ ਉਡਾਉਣ ਵਾਲੀ ਮਸ਼ੀਨ, ਬੰਦੂਕ ਜਾਂ ਪਟਾਕਿਆਂ ਦੇ ਧਮਾਕੇ ਵਰਗੇ ਉਪਰਾਲੇ ਕਰਕੇ ਫਸਲ ਨੂੰ ਇਨ੍ਹਾਂ ਤੋਂ ਬਚਾਇਆ ਜਾ ਸਕਦਾ ਹੈ। ਡਰਨੇ ਦੀ ਉਚਾਈ ਫਸਲ ਤੋਂ ਘੱਟੋ-ਘੱਟ ਇਕ ਮੀਟਰ ਉੱਚੀ ਰੱਖੋ। ਡਰਨੇ ਦੀ ਥਾਂ, ਦਿਸ਼ਾ ਅਤੇ ਪੁਸ਼ਾਕ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਬਦਲਦੇ ਰਹਿਣਾ ਚਾਹੀਦਾ ਹੈ।

ਕਟਾਈ ਅਤੇ ਗਹਾਈ : ਫਸਲ ਦੇ ਪੱਕਣ ਦੀਆਂ ਨਿਸ਼ਾਨੀਆਂ ਹੇਠਲੇ ਪਾਸਿਓਂ ਸਿਰਾਂ ਦਾ ਰੰਗ ਬਦਲ ਕੇ ਪੀਲਾ-ਭੂਰਾ ਹੋ ਜਾਣਾ ਅਤੇ ਬਾਹਰਲੇ ਪਾਸਿਓਂ ਡਿਸਕ ਦਾ ਸੁੱਕਣਾ ਹਨ। ਇਸ ਸਮੇਂ ਬੀਜ ਪੂਰੀ ਤਰ੍ਹਾਂ ਪੱਕ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ। ਕਟਾਈ ਕਰਨ ਉਪਰੰਤ ਗਹਾਈ ਤੋਂ ਪਹਿਲਾਂ ਸੂਰਜਮੁਖੀ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਕਾਓ ਪਰ ਥਰੈੱਸ਼ਰ ਨਾਲ ਗਹਾਈ ਸੂਰਜਮੁਖੀ ਦੇ ਸਿਰਾਂ ਦੀ ਕਟਾਈ ਤੋਂ ਤੁਰੰਤ ਬਾਅਦ ਕੀਤੀ ਜਾ ਸਕਦੀ ਹੈ। ਗਹਾਈ ਤੋਂ ਬਾਅਦ ਦਾਣਿਆਂ ਨੂੰ ਉੱਲੀ ਤੋਂ ਬਚਾਉਣ ਲਈ ਵੀ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਓ।

—ਵੀਰੇਂਦਰ ਸਰਦਾਨਾ, ਸ਼ੈਲੀ ਨੈਯਰ, ਵਿਨਿਤਾ ਕੈਲਾ ਅਤੇ ਪੁਸ਼ਪ ਸ਼ਰਮਾ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : Jagbani