21 ਸਾਲਾ ਦੇ ਕਿਸਾਨ ਨੇ ਕਰਤੀ ਕਮਾਲ, ਪੰਜਾਬ ਦੇ ਖੇਤਾਂ ‘ਚ ਹੀ ਸ਼ੁਰੂ ਕੀਤੀ ਚੰਦਨ ਦੀ ਖੇਤੀ

December 16 2019

ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਕਿਸਾਨ ਅੱਜ-ਕੱਲ੍ਹ ਨਵੀਆਂ ਫਸਲਾਂ ਉਗਾ ਰਹੇ ਹਨ। ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ, ਉਸ ਦੀ ਉਮਰ ਸਿਰਫ 21 ਸਾਲ ਹੈ ਅਤੇ ਇੰਨੀ ਘੱਟ ਉਮਰ ਵਿਚ ਇਹ ਨੌਜਵਾਨ ਚੰਦਨ ਦੀ ਖੇਤੀ ਕਰ ਰਿਹਾ ਹੈ। ਮਾਨਸਾ ਜਿਲ੍ਹੇ ਦੇ ਰਹਿਣ ਵਾਲੇ ਅਮਨਦੀਪ ਸਿੰਘ ਨਾਂਅ ਦੇ ਇਸ ਨੌਜਵਾਨ ਨੇ ਚੰਦਨ ਦੀ ਖੇਤੀ ਕਰ ਕੇ ਪੰਜਾਬ ਕੇ ਕਿਸਾਨਾਂ ਨੂੰ ਨਵਾਂ ਰਸਤਾ ਦਿਖਾਇਆ ਹੈ।

ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਖੇਤੀ ਦੀ ਟਰੇਨਿੰਗ ਲੈਂਦਿਆਂ ਉਹਨਾਂ ਨੂੰ ਚਾਰ ਸਾਲ ਹੋ ਗਏ ਹਨ। ਉਹਨਾਂ ਦੱਸਿਆ ਕਿ ਉਹ ਇਸ ਦੀ ਟਰੇਨਿੰਗ ਲਈ ਬੰਗਲੁਰੂ ਵੀ ਗਏ ਸਨ ਅਤੇ ਟਰੇਨਿੰਗ ਤੋਂ ਬਾਅਦ ਹੀ ਉਹਨਾਂ ਨੇ ਚੰਦਨ ਦੀ ਖੇਤੀ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਚੰਦਨ ਦਾ ਪਲਾਂਟ 2 ਜਾਂ ਢਾਈ ਮਹੀਨਿਆਂ ਦਾ ਪਲਾਂਟ ਹੈ।

ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਚੰਦਨ ਦਾ ਮੇਲ ਡ੍ਰਾਇਗਨ ਫਰੂਟ ਨਾਲ ਹੈ, ਇਸ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਹੈ। ਇਸ ਨੂੰ ਪਾਣੀ ਦੀ ਲੋੜ ਸਿਰਫ ਸ਼ੁਰੂਆਤੀ 5-6 ਸਾਲਾਂ ਵਿਚ ਹੀ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਉਹ ਹਫਤੇ ਵਿਚ ਦੋ ਵਾਰ ਪਲਾਂਟ ਨੂੰ ਪਾਣੀ ਦਿੰਦੇ ਹਨ। ਉਹਨਾਂ ਦੱਸਿਆ ਕਿ ਇਸ ਨੂੰ ਲਗਾਉਣ ਦਾ ਸਹੀ ਸਮਾਂ ਸਾਉਣ ਦਾ ਮਹੀਨਾ ਹੈ ਕਿਉਂਕਿ ਇਸ ਮਹੀਨੇ ਵਿਚ ਜ਼ਿਆਦਾ ਬਾਰਿਸ਼ ਹੁੰਦੀ ਹੈ।

ਅਮਨਦੀਪ ਨੇ ਦੱਸਿਆ ਕਿ ਚੰਦਨ ਇਕ ਹੁਸਟੇਰੀਆ ਪਲਾਂਟ ਹੈ ਅਤੇ ਇਹ ਅਪਣੀ ਖੁਰਾਕ ਦੂਜੇ ਪਲਾਂਟ ਤੋਂ ਲੈਂਦਾ ਹੈ, ਇਸ ਲਈ ਖਾਦ ਦੀ ਕੁਝ ਜ਼ਿਆਦਾ ਲੋੜ ਨਹੀਂ ਹੁੰਦੀ। ਇਸੇ ਕਾਰਨ ਇਸ ਪਲਾਂਟ ਦੇ ਨਾਲ ਹੋਰ ਕਈ ਤਰ੍ਹਾਂ ਦੇ ਪਲਾਂਟ ਲਗਾਏ ਗਏ ਹਨ, ਜ਼ਿਆਦਾਤਰ ਇਹ ਕੇਜ਼ੁਰੀਨਾ (ਹੋਸਟ ਪਲਾਂਟ) ‘ਤੇ ਨਿਰਭਰ ਹੁੰਦਾ ਹੈ। ਅਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਚੰਦਨ ਨੂੰ ਪੱਤਝੜ ਨਹੀਂ ਆਉਂਦੀ।

ਕਈ ਵਾਰ ਇਸ ਦੇ ਸਟੇਮ ਵਿਚ ਇਕ ਕੀੜਾ ਲੱਗ ਜਾਂਦਾ ਹੈ, ਜੋ ਕਿ ਟੀਕੇ ਨਾਲ ਸਹੀ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਸ਼ੁਰੂਆਤ ਵਿਚ ਚੰਦਨ ਦੇ ਪਲਾਂਟ ਨੂੰ ਫੰਗਸ ਤੋਂ ਬਚਾਉਣ ਲਈ ਫੰਗੀਸਾਈਡ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਚੰਦਨ ਦਾ ਪਲਾਂਟ ਘੱਟ ਪਾਣੀ ਵਾਲੀਆਂ ਥਾਵਾਂ ‘ਤੇ ਵੀ ਉੱਗ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਪਲਾਂਟ ਨੂੰ ਗਰਮੀ ਨਾਲ ਕੋਈ ਫਰਕ ਨਹੀਂ ਪੈਂਦਾ।

ਪੰਜਾਬ ਵਿਚ ਏਨੀ ਠੰਢ ਨਹੀਂ ਹੁੰਦੀ, ਜਿਸ ਨਾਲ ਇਸ ਦਾ ਨੁਕਸਾਨ ਹੋਵੇ, ਪੰਜਾਬ ਦਾ ਮੌਸਮ ਇਸ ਪਲਾਂਟ ਲਈ ਢੁੱਕਵਾਂ ਹੈ। ਉਹਨਾਂ ਦੱਸਿਆ ਕਿ ਜੇਕਰ ਇਕ ਕਿੱਲੇ ਵਿਚ ਇਸ ਨੂੰ ਉਗਾਇਆ ਜਾਵੇ ਤਾਂ ਇਸ ਦੀ ਸਾਰੀ ਕਟਾਈ 12 ਤੋਂ 15 ਸਾਲਾਂ ਵਿਚ ਹੋਵੇਗੀ। ਇਕ ਪਲਾਂਟ ਵਿਚੋਂ 20 ਤੋਂ 25 ਕਿਲੋ ਤੱਕ ਹਾਰਟਵੁੱਡ ਹੁੰਦੀ ਹੈ। ਉਹਨਾਂ ਦੱਸਿਆ ਕਿ ਹਾਰਟਵੁੱਡ ਦੀ ਅੱਜ ਦੀ ਕੀਮਤ 6 ਤੋਂ 10 ਹਜ਼ਾਰ ਪ੍ਰਤੀ ਕਿਲੋਗ੍ਰਾਮ ਹੈ।

ਬਾਕੀ ਲੱਕੜੀ ਦੀ ਕੀਮਤ 1000 ਰੁਪਏ ਪ੍ਰਤੀ ਕਿਲੋ ਹੈ ਅਤੇ ਇਕ ਪਲਾਂਟ ਵਿਚੋਂ 30 ਤੋਂ 40 ਕਿਲੋ ਤੱਕ ਨਿਕਲਦੀ ਹੈ। ਹਾਰਟਵੁੱਡ ਰਸਦਾਰ ਲੱਕੜੀ ਨੂੰ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਚੰਦਨ ਦੇ ਤੇਲ ਦਵਾਈਆਂ, ਧੂਫ, ਅਗਰਬੱਤੀਆਂ, ਸਾਬਣ, ਪ੍ਰਫਿਊਮ ਆਦਿ ਵਿਚ ਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਪਲਾਂਟ ਦੇ ਨਾਲ ਮਸੰਮੀ, ਕਿਨੂੰ ਜਾਂ ਆੜੂ ਆਦਿ ਫਲ ਲਗਾਏ ਜਾ ਸਕਦੇ ਹਨ।

ਅਮਨਦੀਪ ਨੇ ਦੱਸਿਆ ਕਿ ਉਹ ਕਈ ਵਾਰ ਕਿਸਾਨਾਂ ਨੂੰ ਚੰਦਨ ਦੀ ਖੇਤੀ ਲਈ ਟਰੇਨਿੰਗ ਵੀ ਦਿੰਦੇ ਹਨ। ਅਸਲੀ ਪਲਾਂਟ 20 ਜਾਂ 25 ਸਾਲ ਪੁਰਾਣੇ ਬੀਜ ਤੋਂ ਹੀ ਲੱਗਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਪਲਾਂਟ ਦੀ ਜੜ੍ਹ 3 ਜਾਂ 4 ਇੰਚ ਡੂੰਘੀ ਹੁੰਦੀ ਹੈ। ਅਮਨਦੀਪ ਸਿੰਘ ਨੇ ਦੱਸਿਆ ਚੰਦਨ ਦੇ ਪਲਾਂਟ ਲਗਾਉਣ ਲਈ 25 ਤੋਂ 30 ਹਜ਼ਾਰ ਰੁਪਏ ਤੱਕ ਦਾ ਖਰਚਾ ਹੁੰਦਾ ਹੈ।

ਉਹਨਾਂ ਦੱਸਿਆ ਕਿ 15 ਸਾਲ ਬਾਅਦ ਇਕ ਪਲਾਂਟ ਦਾ ਮੁੱਲ 1 ਲੱਖ ਤੋਂ ਜ਼ਿਆਦਾ ਹੁੰਦਾ ਹੈ। ਅਮਨਦੀਪ ਸਿੰਘ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਉਹਨਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਵੇਂ-ਨਵੇਂ ਤਜ਼ਰਬੇ ਕਰਦੇ ਰਹਿਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ