‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

November 24 2020

ਪਿੰਡ-ਪਿੰਡ ਦਿੱਲੀ ਮੋਰਚੇ ਦੀ ਚਰਚਾ ਜ਼ੋਰਾਂ ’ਤੇ ਹੈ। ਕਿਸਾਨ ਦਿੱਲੀ ਮੋਰਚੇ ਲਈ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਹੋਏ ਹਨ। ਗੁਰੂ ਘਰਾਂ ਦੇ ਸਪੀਕਰਾਂ ’ਚ ਵੀ ਸਵੇਰੇ-ਸ਼ਾਮ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਵਾਸਤੇ ਅਨਾਊਂਸਮੈਂਟਾਂ ਹੋ ਰਹੀਆਂ ਹਨ। ਪਿੰਡਾਂ ’ਚ ਕਿਸਾਨ ਬੀਬੀਆਂ ਨੇ ਦਿੱਲੀ ਮੋਰਚੇ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਵੀ ਮਾਰਚ ਕੱਢੇ। ਨੌਜਵਾਨ ਕਿਸਾਨ ਆਪੋ-ਆਪਣੇ ਪਿੰਡਾਂ ’ਚ ਰਾਸ਼ਨ, ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰਨ ’ਚ ਜੁਟੇ ਹੋਏ ਹਨ। ਦਿੱਲੀ ਰਵਾਨਾ ਹੋਣ ਲਈ ਖੇਤਾਂ ਦੇ ਰਾਜੇ ਤਿਆਰ-ਬਰ-ਤਿਆਰ ਹਨ।

ਨੌਜਵਾਨ ਕਿਸਾਨ ਟਰੈਕਟਰ-ਟਰਾਲੀਆਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਹੋਏ ਹਨ। ਕਿਸਾਨਾਂ ਵਲੋਂ ਗਲੀ-ਗਲੀ ਦਿੱਲੀ ਮੋਰਚੇ ਦਾ ਹੋਕਾ ਦੇ ਕੇ ਰਾਸ਼ਨ ਅਤੇ ਬਾਲਣ ਆਦਿ ਇਕੱਠਾ ਕਰ ਲਿਆ ਗਿਆ ਹੈ ਜਿਸ ਨੂੰ ਟਰਾਲੀਆਂ ’ਚ ਲੋਡ ਕੀਤਾ ਜਾ ਰਿਹਾ ਹੈ। ਕਿਸਾਨ ਟਰਾਲੀਆਂ ’ਚ ਰਾਸ਼ਨ, ਲੱਕੜਾਂ, ਸਿਲੰਡਰ, ਆਟਾ, ਦਾਲਾਂ, ਚੌਲ, ਖੰਡ, ਚਾਹ ਪੱਤੀ ਆਦਿ ਜ਼ਰੂਰੀ ਵਸਤਾਂ ਨਾਲ ਲੈ ਕੇ ਰਵਾਨਾ ਹੋਣਗੇ ਉਥੇ ਪਿੰਡਾਂ ’ਚੋਂ ਪਾਣੀ ਵਾਲੀਆਂ ਟੈਂਕੀਆਂ ਵੀ ਲਿਜਾਈਆਂ ਜਾ ਰਹੀਆਂ ਹਨ। ਟਰਾਲੀਆਂ ’ਚ ਗੱਦੇ ਅਤੇ ਬਿਸਤਰੇ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦਵਾਈਆਂ ਅਤੇ ਮੈਡੀਕਲ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਵੀ ਕਿਸਾਨਾਂ ਦੀ ਮੱਦਦ ਲਈ ਅੱਗੇ ਆ ਰਹੀਆਂ ਹਨ। ਕਿਸਾਨੀ ਸੰਘਰਸ਼ ਲਈ ਜਥੇਬੰਦੀਆਂ ਵਲੋਂ ਉਗਰਾਹੀ ਵੀ ਕੀਤੀ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਦਿੱਲੀ ਮੋਰਚੇ ਲਈ ਪਿੰਡ ਦੁੱਗਾਂ, ਤਕੀਪੁਰ, ਸਾਹੋਕੇ, ਕੁੰਨਰਾਂ, ਲੌਂਗੋਵਾਲ, ਰੱਤੋਕੇ , ਬਹਾਦਰਪੁਰ, ਸਤੀਪੁਰਾ ’ਚ ਲੰਗਰ ਲਈ ਰਸਦ ਅਤੇ ਬਾਲਣ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰਾਲੀਆਂ ਉਪਰ ਤਰਪਾਲਾਂ ਦੀ ਛੱਤ ਪਾ ਕੇ ਰੈਣ ਬਸੇਰੇ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਟਰਾਲੀਆਂ ਵਿਚ ਲਾਈਟਾਂ ਦੇ ਨਾਲ ਮੋਬਾਈਲ ਚਾਰਜ ਕਰਨ ਦੇ ਵੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇੱਕ-ਦੂਜੇ ਨਾਲ ਰਾਬਤਾ ਬਰਕਰਾਰ ਰਹੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਕਿਸਾਨ ਬੀਬੀਆਂ ਨੂੰ ਦਿੱਲੀ ਮੋਰਚੇ ’ਚ ਲੈ ਕੇ ਜਾਣ ਲਈ ਵਿਸ਼ੇਸ਼ ਤੌਰ ’ਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ ਅਤੇ ਨੌਜਵਾਨਾਂ ਵਲੋਂ ਮੋਟਰਸਾਈਕਲਾਂ ’ਤੇ ਕਾਫਲਿਆਂ ਦੇ ਰੂਪ ਵਿਚ ਕੂਚ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ ਪੰਜ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਤੋਂ ਹੀ ਕਰੀਬ ਇੱਕ ਲੱਖ ਤੋਂ ਵੱਧ ਲੋਕ ਦਿੱਲੀ ਰਵਾਨਾ ਹੋਣਗੇ। ਇਕੱਲੇ ਜ਼ਿਲ੍ਹਾ ਸੰਗਰੂਰ ਤੋਂ ਕਰੀਬ 1500 ਤੋਂ ਵੱਧ ਵਾਹਨ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਹੱਦ ’ਤੇ ਪੈਂਦੇ ਕਸਬਾ ਖਨੌਰੀ ’ਚ ਜਥੇਬੰਦੀ ਵਲੋਂ ਅੱਜ ਤੋਂ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਟਰਾਲੀਆਂ ਵਿਚ ਛੇ-ਛੇ ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਹੈ ਕਿਉਂਕਿ ਸੰਘਰਸ਼ ਕਿੰਨਾ ਕੁ ਲੰਬਾ ਚਲੇਗਾ, ਇਸ ਦਾ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਰਸਤੇ ਵਿਚ ਰੋਕਿਆ ਗਿਆ ਤਾਂ ਉਥੇ ਹੀ ਚੱਕਾ ਜਾਮ ਕਰਕੇ ਸੰਘਰਸ਼ ਦਾ ਝੰਡਾ ਗੱਡ ਦਿੱਤਾ ਜਾਵੇਗਾ। ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਓਨਾ ਚਿਰ ਕਿਸਾਨ ਘਰਾਂ ਨੂੰ ਨਹੀਂ ਪਰਤਣਗੇ।

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਭਰ ’ਚ ਉੱਠ ਰਹੇ ਵਿਰੋਧ ਨੂੰ ਤਿੱਖਾ ਕਰਨ ਵਿਚ ਅੱਜ ਪੰਜਾਬ ਦੇ ਸੁਰੀਲੇ ਗਾਇਕਾਂ ਤੇ ਕਲਾਕਾਰਾਂ ਨੇ ਵੀ ਯੋਗਦਾਨ ਪਾਇਆ। ਰਾਜਪੁਰਾ ਰੋਡ ’ਤੇ ਸਥਿਤ ਪਿੰਡ ਧਰੇੜੀ ਜੱਟਾਂ ਵਾਲੇ ਟੌਲ ਪਲਾਜ਼ੇ ’ਤੇ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 50 ਦਿਨਾਂ ਤੋਂ ਲਾਏ ਗਏ ਦਿਨ-ਰਾਤ ਦੇ ਪੱਕੇ ਧਰਨੇ ਵਿਚ ਅੱਜ ਕੰਵਰ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਡਾ. ਸੁਖਪ੍ਰੀਤ ਸਿੰਘ ਉਦੋਕੇ, ਬੀਰ ਸਿੰਘ, ਲੱਖਾ ਸਧਾਣਾ, ਸੁਖਦੀਪ ਫਗਵਾੜਾ, ਪਰਮਪਾਲ ਸਿੰਘ ਸਭਰਾ, ਗੁਰਸਾਹਿਬ ਸਿੰਘ ਅਤੇ ਰਾਖੀ ਹੁੰਦਲ ਨੇ ਹਾਜ਼ਰੀ ਲਵਾਈ। ਹਰੇਕ ਗਾਇਕ-ਕਲਾਕਾਰ ਨੇ ਆਪਣੇ ਤਰੀਕੇ ਨਾਲ ਸਮੁੱਚੇ ਪੰਜਾਬੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬੀਆਂ ਦੇ ਏਕੇ ਦੀ ਬਾਤ ਪਾਉਂਦਿਆਂ ਇਨ੍ਹਾਂ ਹਸਤੀਆਂ ਨੇ ਕੇਂਦਰ ਸਰਕਾਰ ਨੂੰ ਵੀ ਹਠ ਤਿਆਗ ਦੇਣ ਲਈ ਕਿਹਾ। ਉਚੇਚੇ ਤੌਰ ’ਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਰਹੇ ਕੰਵਰ ਗਰੇਵਾਲ ਵੱਲੋਂ ਪੇਸ਼ ਗੀਤ ‘ਤੈਨੂੰ ਦਿੱਲੀਏ ਇਹ ਇਕੱਠ ਪਰੇਸ਼ਾਨ ਕਰੂਗਾ, ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ’, ‘ਵੇਲਾ ਆ ਗਿਆ ਜਾਗ ਕਿਸਾਨਾਂ ਦੇ ਸਿਸਟਮ ਦੇ ਹਲ਼ਕ ’ਚ ਫਾਨਾ’, ‘ਖੇਤ ਤੇਰੇ ਇਹ ਖੋਹਣ ਨੂੰ ਫਿਰਦੇ ਜਿਹੜੇ ਪੱਧਰ ਕੀਤੇ ਐਂਟਰ ਨਾਲ਼, ਉਹ ਖਿੱਚ ਲੈ ਜੱਟਾ ਉਏ ਖਿੱਚ ਤਿਆਰੀ ਹੁਣ ਪੰਗਾ ਪੈ ਗਿਆ ਸੈਂਟਰ ਨਾਲ਼’ ਸਮੇਤ ‘ਜਿਹੜੀ ਵੱਟ ’ਤੇ ਤੂੰ ਕੋਈ ਚੜ੍ਹਨ ਨਹੀਂ ਦਿੱਤਾ, ਉਹ ਵੱਟਾਂ ਹੁਣ ਇਹ ਢਾਹੁਣ ਨੂੰ ਫਿਰਦੇ ਨੇ’ ਜਿਹੇ ਗੀਤਾਂ ਨਾਲ ਗਾਇਕਾਂ ਨੇ ਸੰਘਰਸ਼ ਵਿਚ ਜੋਸ਼ ਭਰਨ ਦਾ ਯਤਨ ਕੀਤਾ। ਨੌਜਵਾਨ ਆਗੂ ਲੱਖਾ ਸਿਧਾਣਾ ਨੇ ਕਿਹਾ ਕਿ ਸੁਧਾਰ ਦੀ ਲਹਿਰ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਰਾਖੀ ਹੁੰਦਲ ਦਾ ਕਹਿਣਾ ਸੀ ਕਿ ਅੱਜ ਤੱਕ ਕਿਸਾਨੀ ਦਾ ਕਿਸੇ ਵੀ ਹਕੂਮਤ ਨੇ ਢੁੱਕਵਾਂ ਮੁੱਲ ਨਹੀਂ ਪਾਇਆ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇੜਾ, ਬਲਾਕ ਪ੍ਰਧਾਨ ਗਿਆਨ ਸਿੰਘ ਰਾਏਪੁਰ ਤੇ ਹੋਰ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune