ਹੱਥੀਂ ਵੱਢੀ ਕਣਕ ਦੀ ਤੂੜੀ ਪਸ਼ੂਆਂ ਲਈ ਹੈ ਵਰਦਾਨ, ਤੂੜੀ ਵੀ ਬਣਦੀ ਹੈ ਜ਼ਿਆਦਾ

April 05 2019

ਸਥਾਨਕ ਕਸਬੇ ਅੰਦਰ ਕਣਕ ਦੀ ਹੱਥੀਂ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿੱਥੇ ਜ਼ਿਆਦਾਤਰ ਵੱਡੇ ਕਿਸਾਨ ਕੰਬਾਇਨ ਨਾਲ ਹੀ ਕਣਕ ਦੀ ਕਟਾਈ ਕਰਨ ਨੂੰ ਪਹਿਲ ਦਿੰਦੇ ਹਨ ਪਰ ਉਥੇ ਛੋਟੇ ਤੇ ਦਰਮਿਆਨੇ ਕਿਸਾਨ ਵੱਧ ਤੂੜੀ ਬਣਾਉਣ ਲਈ ਕਣਕ ਨੂੰ ਹੱਥੀਂ ਵੱਢਣ ਨੂੰ ਤਰਜੀਹ ਦੇ ਰਹੇ ਹਨ। ਕੰਬਾਇਨ ਨਾਲ ਕਣਕ ਕੱਟਣ ’ਤੇ ਤੂੜੀ ਘੱਟ ਬਣਦੀ ਹੈ ਅਤੇ ਹੱਥੀਂ ਵੱਢੀ ਹੋਈ ਕਣਕ ਦੀ ਤੂੜੀ ਜ਼ਿਆਦਾ ਬਣਦੀ ਹੈ।

ਕਿਸਾਨ ਨਾਹਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਕਣਕ ਦੀ ਹੱਥੀਂ ਕਟਾਈ ਕਰਨ ਨਾਲ ਪ੍ਰਤੀ ਏਕੜ ਲਗਪਗ 30 ਕੁਇੰਟਲ ਤੂੜੀ ਨਿਕਲਦੀ ਹੈ ਅਤੇ ਤੂੜੀ ਵੀ ਮਿੱਟੀ ਘੱਟੇ ਤੋਂ ਰਹਿਤ ਹੁੰਦੀ ਹੈ ਜੋ ਪਸ਼ੂਆਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਕਣਕ ਦੀ ਵਾਢੀ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਖੜ੍ਹੀ ਕਣਕ ਦੀ ਹੱਥੀਂ ਵਢਾਈ ਦੇ ਉਹ ਸਾਢੇ ਚਾਰ ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਲੈ ਰਹੇ ਹਨ। ਸਾਰਾ ਪਰਿਵਾਰ,ਘਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਲਗਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਵਾਢੀ ਕਰ ਕੇ ਸਾਲ ਭਰ ਲਈ ਖਾਣ ਜੋਗੇ ਦਾਣੇ ਇਕੱਠੇ ਕਰ ਲੈਂਦੇ ਹਾਂ।

ਕਿਸਾਨ ਆਗੂ ਬਲਦੇਵ ਸਿੰਘ ਭਾਈਰੂਪਾ ਅਤੇ ਸਵਰਨ ਸਿੰਘ ਭਾਈਰੂਪਾ ਨੇ ਕਿਹਾ ਕਿ ਮਸ਼ੀਨੀਕਰਨ ਵਿੱਚ ਹੋਏ ਅਥਾਹ ਵਾਧੇ ਨੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹ ਲਿਆ ਹੈ। ਸਾਲ ਵਿੱਚ ਇਕ ਵਾਰ ਕਣਕ ਦੀ ਵਾਢੀ ਦਾ ਸਮਾਂ ਆਉਂਦਾ ਹੈ, ਜਦੋਂ ਮਜ਼ਦੂਰਾਂ ਨੂੰ ਕਿਸਾਨਾਂ ਕੋਲੋਂ ਜ਼ਿਆਦਾ ਰੁਜ਼ਗਾਰ ਮਿਲਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਰੇਟ ਦਿੱਤੇ ਜਾਣ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਆਉਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman