ਹੁਣ ਬਿਨਾਂ ਬਿਜਲੀ ਤੋਂ ਚੱਲਣਗੇ ਮਿੰਨੀ ਕੋਲਡ ਸਟੋਰ, ਕਈ ਦਿਨਾਂ ਤਕ ਸੁਰੱਖਿਅਤ ਰਹਿਣਗੀਆਂ ਸਬਜ਼ੀਆਂ ਤੇ ਫਲ

March 05 2021

ਹੁਣ ਕਿਸਾਨਾਂ ਨੂੰ ਫਲ-ਫੁੱਲ ਤੇ ਸਬਜ਼ੀ ਵਿਕਰੇਤਾਵਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਇੰਡੀਅਨ ਕਾਊਂਸਲ ਆਫ ਐਗਰੀਕਲਚਰਲ ਰਿਸਰਚ ਦੇ ਵਿਗਿਆਨੀਆਂ ਨੇ ਇਕ ਮਿੰਨੀ ਕੋਲਡ ਸਟੋਰ ਬਣਾਇਆ ਹੈ, ਜੋ ਬਿਨਾਂ ਬਿਜਲੀ ਦੇ ਚੱਲਦਾ ਹੈ। ਇਨ੍ਹਾਂ ਨੂੰ ਪਿੰਡਾਂ ’ਚ ਸਥਾਪਿਤ ਕੀਤਾ ਜਾਵੇਗਾ, ਜਿਸ ’ਚ ਫਲ, ਫੁੱਲ ਤੇ ਸਬਜ਼ੀਆਂ ਸੁਰੱਖਿਅਤ ਰਹਿਣਗੀਆਂ। ਇਸ ਮਿੰਨੀ ਕੋਲਡ ਸਟੋਰ ਦਾ ਨਾਂ ਪੂਸਾ ਫਾਰਮ ਸਨਫਰੀਜ਼ ਹੈ। ਇਸ ਦੀ ਵਰਤੋਂ ਰਾਜਸਥਾਨ ਦੇ ਰੇਗਿਸਤਾਨੀ ਖੇਤਰਾਂ ’ਚ ਕੀਤੀ ਗਈ ਹੈ। ਆਈਏਆਈਆਈ ਦੇ ਐਗਰੀਕਲਰਚਲ ਇੰਜੀਨੀਅਰਿੰਗ ਸ਼ਾਖਾ ਦੇ ਪ੍ਰੋਫੈਸਰ ਇੰਦਰਮਣੀ ਤੇ ਡਾਕਟਰ ਸੰਗੀਤਾ ਢੀਂਗਰਾ ਦੀ ਟੀਮ ਨੇ ਇਸ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਲਡ ਸਟੋਰ ’ਚ ਸਬਜ਼ੀਆਂ, ਫੁੱਲ ਤੇ ਫਲ 15 ਦਿਨਾਂ ਤਕ ਸੁਰੱਖਿਅਤ ਰਹਿਣਗੇ। ਇਸ ਤਕਨਾਲੋਜੀ ਨਾਲ ਫਸਲ ਕਟਾਈ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਦੀ ਦਿਸ਼ਾ ’ਚ ਨਵੀਂ ਕ੍ਰਾਂਤੀ ਆਵੇਗੀ। ਫੂਡ ਪ੍ਰੋਸੈਸਿੰਗ ਖੇਤਰ ’ਚ ਇਹ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਆਪਣੀਆਂ ਫਸਲਾਂ ਘਟਦੇ-ਵੱਧਦੇ ਭਾਅ ਦੇ ਹਿਸਾਬ ਨਾਲ ਵੇਚ ਸਕਣਗੇ। ਉਥੇ ਹੀ ਕੋਲਡ ਸਟੋਰ ਇਕ ਹਫ਼ਤੇ ’ਚ ਬਣ ਕੇ ਤਿਆਰ ਹੋ ਜਾਂਦਾ ਹੈ। ਇੰਦਰਮਣੀ ਨੇ ਹੋਰ ਦੱਸਿਆ ਕਿ ਫਿਲਹਾਲ ਪੰਜ ਮਿੰਨੀ ਕੋਲਡ ਸਟੋਰ ਸਥਾਪਿਤ ਕੀਤੇ ਗਏ ਹਨ, ਜਿਸ ’ਚ ਪਹਿਲਾ ਪਾਣੀਪਤ ਦੇ ਚਮਰਾਰਾ ਪਿੰਡ, ਦੂਸਰਾ ਰਾਜਸਥਾਨ ਦੇ ਪਿਚੌਲੀਆ, ਤੀਸਰਾ ਦਿੱਲੀ ’ਚ ਪੱਲਾ ਪਿੰਡ ਦੇ ਇਕ ਕਿਸਾਨ ਨੇ ਸਥਾਪਿਤ ਕੀਤਾ ਹੈ, ਜਦੋਂਕਿ ਦੋ ਸਟੋਰ ਪੂਸਾ ਕੈਂਪਸ ’ਚ ਲਾਏ ਗਏ ਹਨ।

ਸੰਸਥਾ ਦੇ ਨਿਰਦੇਸ਼ਕ ਡਾ. ਏਕੇ ਸਿੰਘ ਦਾ ਕਹਿਣਾ ਹੈ ਕਿ ਪੂਸਾ ਸਨਫਰੀਜ਼ ਦਾ ਵਿਕਾਸ ਭੰਡਾਰਨ ਲਈ ਕੀਤਾ ਗਿਆ ਹੈ। ਇਸ ਯੰਤਰ ’ਚ ਸੋਲਰ ਪੈਨਲ ਨਾਲ ਪੰਜ ਕਿਲੋਵਾਟ ਬਿਜਲੀ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਦੀ ਵਰਤੋਂ ਡੇਢ ਟਨ ਦੇ ਏਅਰ ਕੰਡੀਸ਼ਨਰ ਨੂੰ ਚਲਾਉਣ ਤੇ ਪਾਣੀ ਠੰਢਾ ਕਰਨ ਲਈ ਕੀਤੀ ਜਾਂਦੀ ਹੈ। ਠੰਢੇ ਰਾਣੀ ਨੂੰ ਕਮਰੇ ਦੀ ਛੱਤ ’ਤੇ ਲਾਈ ਗਈ ਪਾਈਪ ਨਾਲ ਸਰਕੂਲੇਟ ਕੀਤਾ ਜਾਂਦਾ ਹੈ, ਜਿਸ ਨਾਲ ਪੂਰਾ ਕਮਰਾ ਠੰਢਾ ਰਹਿੰਦਾ ਹੈ। ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਪੰਪ ਬੰਦ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪਾਣੀ ਪਾਈਪ ਅੰਦਰ ਰੁਕ ਜਾਂਦਾ ਹੈ ਤੇ ਕਮਰੇ ਰਾਤ ਭਰ ਠੰਢੇ ਰਹਿੰਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran