ਹਿਮਾਚਲ ਮਗਰੋਂ ਪੰਜਾਬ ਚ ਹੜ੍ਹਾਂ ਦੀ ਮਾਰ, ਰਾਵੀ ਕੰਢੇ ਸੈਂਕੜੇ ਏਕੜ ਫਸਲ ਤਬਾਹ

July 16 2021

ਪਿਛਲੀ ਦਿਨੀਂ ਹਿਮਾਚਲ ਵਿੱਚ ਫਟੇ ਬੱਦਲ ਦੇ ਕਾਰਨ ਭਾਰੀ ਤਬਾਹੀ ਹੋਈ ਹੈ। ਹੁਣ ਇਹ ਪਾਣੀ ਪੰਜਾਬ ਵਿੱਚ ਮਾਰ ਕਰ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।

ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ, ਘਣੀਏ ਦੇ ਬੇਟ, ਗੁਰ ਚੱਕ, ਕਸੋਵਾਲ, ਜੱਟਾਂ, ਪੱਛਿਆ, ਧਰਮਕੋਟ ਪਤਨ ਦੇ ਲੋਕਾਂ ਦੀ ਸੈਂਕੜ ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ, ਕਿ ਅਜੇ ਤੱਕ ਤਾਂ ਬਾਰਸ਼ ਦੇ ਪਾਣੀ ਨੇ ਨੁਕਸਾਨ ਕੀਤਾ ਹੈ, ਜੇ ਦਰਿਆ ਵਿੱਚ ਥੋੜ੍ਹਾ ਹੋਰ ਪਾਣੀ ਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ। ਰਾਵੀ ਦਰਿਆ ਦੀ ਇੱਕ ਸਾਈਡ ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਢਾ ਨਹੀਂ ਹੈ। ਇਸ ਕਰਕੇ ਦਰਿਆ ਦਾ ਪਾਣੀ ਖੇਤਾਂ ਵਿੱਚ ਚਲਾ ਜਾਂਦਾ ਹੈ ਤੇ ਫਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਕਾਗਜਾਂ ਵਿੱਚ ਹੀ ਨਜਰ ਆ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਕਿਸਾਨ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਰਬੰਸ ਸਿੰਘ ਨੇ ਦੱਸਿਆ ਕਿ ਦਰਿਆ ਵਿੱਚ ਪਾਣੀ ਆਉਣ ਕਰਕੇ ਤੇ ਜਿਆਦਾ ਬਾਰਸ਼ ਹੋਣ ਕਰਕੇ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਕਈ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸੁੱਧ ਨਹੀਂ ਲਈ ਗਈ।

ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਰਾਵੀ ਦਰਿਆ ਦੀ ਇੱਕ ਸਾਈਡ ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਢਾ ਨਾ ਹੋਣ ਕਰਕੇ ਸਾਰਾ ਪਾਣੀ ਖੇਤਾਂ ਵਿੱਚ ਆ ਜਾਂਦਾ ਹੈ, ਜਿਸ ਨਾਲ ਫਸਲ ਖਰਾਬ ਹੋ ਜਾਂਦੀ ਹੈ। ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਹੈ ਪਰ ਹੁਣ ਤਕ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live