ਸੂਬੇ ਅੰਦਰ ਯੂਰੀਆ ਖਾਦ ਦੀ ਹੋ ਰਹੀ ਕਾਲਾ ਬਾਜ਼ਾਰੀ

November 23 2020

ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀ ਖੇਤੀ ਮੰਡੀ ਤੇ ਬਿਜਲੀ ਨੂੰ ਲੈ ਕੇ ਕਾਨੂੰਨ ਪਾਸ ਕੀਤੇ ਗਏ ਹਨ। ਇੰਨ੍ਹਾਂ ਕਾਨੂੰਨਾਂ ਦਾ ਪੰਜਾਬ ਸਮੇਤ ਕੁਝ ਬਾਹਰੀ ਸੂਬਿਆਂ ਦੇ ਕਿਸਾਨਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਬੀਤੇ ਲਗਪਗ ਇਕ ਮਹੀਨੇ ਤੋਂ ਕਿਸਾਨਾਂ ਵੱਲੋਂ ਰੇਲ ਸੇਵਾਵਾਂ ਠੱਪ ਕੀਤੀਆਂ ਹੋਈਆਂ ਸਨ, ਜਿਸ ਕਰਕੇ ਸੂਬੇ ਅੰਦਰ ਯੂਰੀਆ ਖਾਦ ਕੋਲੇ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਦੀ ਵੱਡੀ ਪੱਧਰ ਤੇ ਘਾਟ ਰੜਕਣ ਲੱਗੀ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਅੰਦਰ ਕਿਸਾਨਾਂ ਵੱਲੋਂ ਕਣਕ, ਆਲੂ, ਮਟਰ ਤੋਂ ਇਲਾਵਾ ਹੋਰਨਾ ਅਨੇਕਾਂ ਫਸਲਾਂ ਦੀ ਬਿਜਾਈ ਕੀਤੀ ਹੋਈ ਹੈ, ਜਿਸ ਲਈ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਡੀ ਪੱਧਰ ਤੇ ਲੋੜ ਹੈ। ਪਰ ਰੇਲਵੇ ਸੇਵਾਵਾਂ ਬੰਦ ਹੋਣ ਕਰਕੇ ਖਾਦ ਦੀ ਬਾਹਰੀ ਸੂਬਿਆਂ ਤੋਂ ਹੋਣ ਵਾਲੀ ਆਮਦ ਪੂਰੀ ਤਰ੍ਹਾਂ ਬੰਦ ਹੈ ਤੇ ਹੁਣ ਖਾਦ ਦੀ ਸੂਬੇ ਅੰਦਰ ਕਾਲਾ ਬਾਜ਼ਾਰੀ ਜੋਰਾਂ ਨਾਲ ਚੱਲ ਰਹੀ ਹੈ। ਖਾਦ ਦੀ ਕਾਲਾ ਬਾਜ਼ਾਰੀ ਚ ਲੱਗੇ ਲੋਕ ਬਾਹਰੀ ਸੂਬਿਆਂ ਤੋਂ ਟਰੱਕਾਂ, ਟਰਾਲਿਆਂ ਜਾਂ ਹੋਰ ਵਾਹਨਾਂ ਰਾਹੀਂ ਖਾਦ ਲਿਆ ਕੇ ਸੂਬੇ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਵੇਚ ਰਹੇ ਹਨ ਤੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ ਨੇ ਕਿਹਾ ਸੂਬਾ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਹੀ ਕਿਸਾਨਾਂ ਦੀ ਲੁੱਟ ਦਾ ਕਾਰਨ ਬਣਦੀ ਰਹੀ ਹੈ। ਸਰਕਾਰ ਨੂੰ ਸੂਬੇ ਅੰਦਰ ਹੋ ਰਹੀ ਖਾਦ ਦੀ ਕਾਲਾ ਬਾਜ਼ਾਰੀ ਨੂੰ ਤੁਰੰਤ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਸੂਬੇ ਦੇ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਹੁੰਦੀ ਰਹੀ ਤਾਂ ਪਹਿਲਾਂ ਹੀ ਕਰਜੇ ਹੇਠ ਦੱਬੇ ਕਿਸਾਨਾਂ ਤੇ ਹੋਰ ਕਰਜੇ ਦਾ ਬੋਝ ਹੋਰ ਵੱਧ ਜਾਵੇਗਾ ਤੇ ਸੂਬੇ ਅੰਦਰ ਕਿਸਾਨ ਖੁਦਕੁਸ਼ੀਆਂ ਚ ਵੀ ਵੱਡੀ ਪੱਧਰ ਤੇ ਵਾਧਾ ਹੋਵੇਗਾ।ਕਿਸਾਨ ਆਗੂ ਇਕਬਾਲ ਸਿੰਘ ਵੜਿੰਗ ਨੇ ਕਿਹਾ ਸੂਬੇ ਅੰਦਰ ਖਾਦ ਦੀ ਕਾਲਾ ਬਾਜ਼ਾਰੀ ਕਥਿਤ ਤੌਰ ਤੇ ਕੁਝ ਸਿਆਸੀ ਆਗੂਆਂ ਦੀ ਮਿਲੀ ਭੁਗਤ ਨਾਲ ਚੱਲ ਰਹੀ ਹੈ, ਜਿਸ ਕਰਕੇ ਖਾਦ ਦੀ ਕਾਲਾ ਬਾਜ਼ਾਰੀ ਕਰਕੇ ਵਾਲੇ ਲੋਕ ਸ਼ਰ੍ਹੇਆਮ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਖਾਦ ਦੀ ਕਾਲਾ ਬਾਜ਼ਾਰੀ ਨੂੰ ਪੰਜਾਬ ਸਰਕਾਰ ਨੇ ਨਾ ਰੋਕਿਆ ਤਾਂ ਜਥੇਬੰਦੀ ਸਖਤ ਐਕਸ਼ਨ ਲਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman