ਸਰ੍ਹੋਂ ਦਾ ਚੰਗਾ ਝਾੜ ਹੋਣ ਕਾਰਨ ਕਾਸ਼ਤਕਾਰ ਕਿਸਾਨਾਂ ਦੇ ਚਿਹਰੇ ਖਿੜੇ

March 26 2022

ਇਸ ਵਾਰ ਸਰ੍ਹੋਂ ਦੀ ਚੰਗੀ ਪੈਦਾਵਾਰ ਹੋਣ ਕਾਰਨ ਸਰ੍ਹੋਂ ਦੇ ਕਾਸ਼ਤਕਾਰਾ ਦੇ ਚਿਹਰੇ ਤੇ ਰੋਣਕ ਆ ਗਈ ਹੈ। ਸਰ੍ਹੋਂ ਦਾ ਝਾੜ 25 ਤੋ 30 ਮਣ ਨਿਕਲ ਰਿਹਾ ਹੈ। ਸਰ੍ਹੋਂ ਦਾ ਰੇਟ ਵੀ ਇਸ ਵਾਰ 6000 ਰੁਪਏ ਤੋ ਲੈ ਕੇ 6500 ਰੁਪਏ ਪ੍ਰਤੀ ਕੁਇੰਟਲ ਹੈ। ਰੇਟ ਚੰਗਾ ਹੋਣ ਕਾਰਨ ਕਿਸਾਨਾ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਪਿਛਲੇ ਸਾਲ ਨਾਲੋਂ ਸਰ੍ਹੋਂ ਦਾ ਬਿਜਾਈ ਦਾ ਰਕਬਾ ਵੀ 5 ਗੁਣਾ ਵੱਧ ਗਿਆ ਹੈ।

ਅਨਾਜ ਮੰਡੀ ਵਿਚ ਸਰ੍ਹੋਂ ਵੇਚਣ ਲਈ ਖੈਰਾ ਕਲਾਂ ਤੋ ਆਏ ਕਿਸਾਨ ਸਰਵਣ ਰਾਮ ਨੇ ਦਸਿਆ ਕਿ ਉਨ੍ਹਾਂ ਦੇ ਖੇਤ ’ਚੋਂ ਇਸ ਵਾਰ ਸਰ੍ਹੋਂ ਦਾ ਝਾੜ 30 ਮਣ ਦੇ ਕਰੀਬ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਉਸ ਦੀ ਸਰ੍ਹੋਂ 6250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ, ਜਿਸ ਕਾਰਨ ਪ੍ਰਤੀ ਏਕੜ 75 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਕਿਸਾਨ ਬਲਦੇਵ ਸਿੰਘ ਮੀਰਪੁਰ ਨੇ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਕਾਫੀ ਚੰਗਾ ਨਿਕਲ ਰਿਹਾ ਹੈ, ਜਿਸ ਨਾਲ ਕਿਸਾਨਾ ਨੂੰ ਕਾਫੀ ਮੁਨਾਫ਼ਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਫ਼ਸਲ ਪਕਾਉਣ ’ਤੇ ਖ਼ਰਚਾ ਵੀ ਘੱਟ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਹਰਿਆਣਾ ਅਤੇ ਰਾਜਸਥਾਨ ਸਰਕਾਰ ਵਾਂਗ ਸਰ੍ਹੋਂ ਦੀ ਸਰਕਾਰੀ  ਖ਼ਰੀਦ ਸ਼ੁਰੂ ਕਰੇ ਤਾਂ ਕਿਸਾਨਾਂ ਦਾ ਰੁਝਾਨ ਨਰਮਾ ਅਤੇ ਝੋਨੇ ਆਦਿ ਰਵਾਇਤੀ ਫ਼ਸਲਾ ਨੂੰ ਛੱਡ ਕੇ ਦੂਸਰੀਆ ਫ਼ਸਲਾਂ ਵਲ ਹੋ ਜਾਵੇਗਾ। ਕਿਉਕਿ ਸਰਕਾਰ ਪਹਿਲਾਂ ਹੀ ਕਹਿ ਰਹੀ ਹੈ ਕਿ ਝੋਨੇ ਦੀ ਬਿਜਾਈ ਕਰਨ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਕਾਫੀ ਥੱਲੇ ਜਾ ਚੁਕਾ ਹੈ।

ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਗੁਰਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਸਰ੍ਹੋਂ ਦੀ ਬਿਜਾਈ ਤਕਰੀਬਨ ਇਕ ਹਜ਼ਾਰ ਤੋਂ ਲੈ ਕੇ 1200  ਏਕੜ ਹੋਈ ਸੀ, ਜੋ ਕਿ ਇਸ ਸਾਲ ਵੱਧ ਕੇ ਚਾਰ ਤੋਂ ਪੰਜ ਹਜ਼ਾਰ ਏਕੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰ੍ਹੋਂ ਦਾ ਝਾੜ ਵੀ ਚੰਗਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman