ਸਰਕਾਰਾਂ ਦੇ ਨਾਲ ਰੱਬ ਵੀ ਬਣਿਆ ਅੰਨਦਾਤੇ ਦਾ ਵੈਰੀ, ਮੀਂਹ-ਹਨੇਰੀ ਨੇ ਫ਼ਸਲ ਧਰਤੀ ’ਤੇ ਵਿਛਾਈ

March 13 2021

ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਸਰਕਾਰੀ ਨੀਤੀਆਂ ਨੇ ਵੱਡੀ ਮਾਰ ਪਾਈ ਹੈ, ਉਥੇ ਹੁਣ ਰੱਬ ਵੀ ਅੰਨਦਾਤੇ ਦਾ ਵੈਰੀ ਬਣਦਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਏ ਮੀਂਹ ਅਤੇ ਤੇਜ਼ ਹਨੇਰੀ ਨੇ ਅੰਨਦਾਤੇ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨਾਲ ਹਨੇਰੀ ਹੋਣ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਬੁਰੀ ਤਰਾਂ ਨਾਲ ਧਰਤੀ ’ਤੇ ਵਿਛ ਗਈ ਹੈ।

ਬਰਨਾਲਾ ਜ਼ਿਲੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਚੱਲ ਰਹੀ ਬੱਦਲਵਾਈ ਨੇ ਅਜੇ ਵੀ ਕਿਸਾਨਾਂ ਦੀ ਚਿੰਤਾ ਵਧਾ ਰੱਖੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਧਰਤੀ ’ਤੇ ਡਿੱਗਣ ਕਾਰਨ ਇਸਦਾ ਝਾੜ ’ਤੇ ਵੱਡਾ ਅਸਰ ਪਵੇਗਾ। ਜਿਸ ਲਈ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪਿੰਡ ਚੀਮਾ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸਨੇ ਠੇਕੇ ’ਤੇ ਜ਼ਮੀਨ ਲੈ ਕੇ 10 ਏਕੜ ’ਚ ਕਣਕ ਬੀਜੀ ਹੈ।

ਪਰ ਰਾਤ ਸਮੇਂ ਤੇਜ਼ ਹਵਾ ਅਤੇ ਮੀਂਹ ਕਾਰਨ ਕਣਕ ਦੀ ਫ਼ਸਲ ਹੇਠਾਂ ਡਿੱਗ ਪਈ ਹੈ। ਜਿਸ ਕਰਕੇ ਇਸਦਾ ਅਸਰ ਫ਼ਸਲ ਦੇ ਝਾੜ ਅਤੇ ਤੂੜੀ ਵੀ ਘੱਟ ਨਿਕਲੇਗੀ। ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਰੱਬ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਤੇਜ਼ ਹਨੇਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਅਜੇ ਵੀ ਮੌਸਮ ਵਿਗੜਿਆ ਹੋਣ ਕਾਰਨ ਫ਼ਸਲ ’ਤੇ ਮਾਰ ਦਾ ਡਰ ਹੈ।

ਭਾਕਿਯੂ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਫ਼ਸਲਾਂ ਦੇ ਬੀਮੇ ਦੀ ਮੰਗ ਕਰ ਰਹੇ ਹਨ। ਜਿਸ ਕਾਰਨ ਹਰ ਵਰੇ ਕਿਸਾਨਾਂ ਦੀਆਂ ਫ਼ਸਲਾ ’ਤੇ ਕੁਦਰਤ ਵਲੋਂ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਮਾਰ ਪੈਣ ਕਾਰਨ ਵੱਡਾ ਨੁਕਸਾਨ ਹੁੰਦਾ ਹੈ ਅਤੇ ਕਿਸਾਨ ਕਰਜ਼ੇ ਹੇਠ ਆ ਜਾਂਦਾ ਹੈ। ਪਰ ਅਜੇ ਤੱਕ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਨਾਲ ਹੋਣ ਵਾਲੇ ਨੁਕਸਾਨ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman