ਸਰਕਾਰ ਪਹਿਲਾਂ ਮਾਲ-ਗੱਡੀਆਂ ਚਲਾਵੇ, ਫਿਰ ਹੀ ਯਾਤਰੀ ਗੱਡੀਆਂ ਬਾਰੇ ਫੈਸਲਾ ਲੈਣਗੇ ਕਿਸਾਨ

November 19 2020

ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਬਿੱਲ 2020 ਬਾਰੇ ਚੱਲ ਰਹੇ ਅੰਦੋਲਨ ਨੂੰ ਨਵਾਂ ਮੋੜ ਦੇਣ ਸਮੇਤ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਤਹਿਤ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚੋਂ ਝੋਨੇ ਦੀ ਬੰਦ ਕੀਤੀ ਖਰੀਦ ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਚ ਫੈਸਲਾ ਕੀਤਾ ਗਿਆ ਕਿ ਕੇਂਦਰ-ਸਰਕਾਰ ਪਹਿਲਾਂ ਮਾਲ-ਗੱਡੀਆਂ ਚਲਾ ਕੇ ਮਾਹੌਲ ਬਣਾਵੇ, ਫਿਰ ਜਥੇਬੰਦੀਆਂ ਵੀ ਤੁਰੰਤ ਯਾਤਰੂ-ਗੱਡੀਆਂ ਬਾਰੇ ਕੋਈ ਹਾਂ-ਪੱਖੀ ਫੈਸਲਾ ਲੈ ਲੈਣਗੀਆਂ। ਦਿੱਲੀ ਵਿਖੇ 26-27 ਨੂੰ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ-ਟਰਾਲੀਆਂ ਤੇ ਪਹੁੰਚਣਗੇ ਅਤੇ ਲੰਮੇ ਸਮੇਂ ਲਈ ਉਥੇ ਪੱਕਾ-ਮੋਰਚਾ ਲਾਉਣਗੇ। ਜੇਕਰ ਦਿੱਲੀ ਦੇ ਬਾਹਰ ਰੋਕ ਵੀ ਲਿਆ ਜਾਂਦਾ ਹੈ ਤਾਂ ਦਿੱਲੀ ਨੂੰ ਚਹੁੰ-ਪਾਸਿਓਂ ਘਿਰਾਓ ਕੀਤਾ ਜਾਵੇਗਾ। ਦਿੱਲੀ ਦੇ ਨਾਲ-ਨਾਲ ਪੰਜਾਬ ਭਰ ਚ ਟੋਲ-ਪਲਾਜ਼ਿਆਂ, ਰੇਲਵੇ-ਸਟੇਸ਼ਨ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਚੱਲ ਰਹੇ ਪੱਕੇ-ਮੋਰਚੇ ਵੀ ਜਾਰੀ ਰਹਿਣਗੇ। ਉਧਰ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਅਤੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣਾ ਅੜੀਅਲ ਰਵੱਈਆ ਛੱਡਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live