ਲਹਿਰਾਗਾਗਾ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਰੋਸ ਧਰਨਾ

December 09 2020

ਇਥੇ ਮੰਡੀ ਵਾਲੇ ਮੰਦਰ ਚੌਕ ’ਚ   ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ, ਜਮਹੂਰੀ ਕਿਸਾਨ ਸਭਾ ਦੇ ਲਛਮਣ ਸਿੰਘ ਅਲੀਸ਼ੇਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਇਲਾਕਾ ਪ੍ਰਧਾਨ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ  ਸਰਪੰਚ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਦੀ ਅਗਵਾਈ ’ਚ ਸ਼ਹਿਰ ਦੇ ਮੁੱਖ ਮੰਦਰ ਚੌਕ ’ਚ ਕਿਸਾਨਾਂ ਨੇ ਧਰਨਾ ਦਿੱਤਾ। ਇਸ ’ਚ ਜ਼ਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਲੋਕ ਚੇਤਨਾ ਮੰਚ ਦੇ ਆਗੂ ਜਗਜੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਜਲੂਰ, ਏਟਕ ਦੇ ਮਹਿੰਦਰ ਬਾਗੀ, ਨੌਜਵਾਨ ਭਾਰਤ ਸਭਾ ਲਲਕਾਰ ਦੇ ਗੁਰਪ੍ਰੀਤ ਚੰਗਾਲੀਵਾਲਾ, ਆੜ੍ਹਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਸਿੰਗਲਾ ਨੇ ਕੇਂਦਰੀ ਸਰਕਾਰ ਦੇ ਫੈਸਲੇ ਦੀ ਸਖਤ ਆਲੋਚਨਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ। 

ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਨੂੰ ਖਤਮ ਕਰਨ ਲਈ  ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨਾਂ ਤੇ ਆੜ੍ਹਤੀਆਂ  ਦੀ ਮੌਤ ਦੇ ਵਾਰੰਟ ਕੱਢੇ ਹਨ। ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਲੋੜ ਹੈ ਤਾਂ ਜੋ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਪਵੇ।  ਉਨ੍ਹਾਂ  ਕਿਹਾ ਕਿ ਭਾਰਤ ਭਰ ਦੇ ਕਿਸਾਨ-ਮਜ਼ਦੂਰ ਟਰਾਂਸਪੋਟਰ, ਦੁਕਾਨਦਾਰ ਤੇ ਛੋਟੇ ਕਾਰੋਬਾਰੀ ਸਵੈਇੱਛਾ ਨਾਲ ਕਿਸਾਨਾਂ ਦੇ ਸਮਰਥਨ ’ਚ ਭਾਰਤ ਬੰਦ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਖੇਤੀ, ਜ਼ਮੀਨ, ਅਨਾਜ ਪੂਰੀ ਤਰ੍ਹਾਂ ਘਰਾਣਿਆਂ ਨੂੰ ਸੌਂਪਣ ਲਈ ਕਾਹਲੀ ਹੈ। 

ਕਿਸਾਨਾਂ ਦੇ ਹੱਕ ਵਿੱਚ ਨਿੱਤਰਿਆ ਸੈਲਾਬ

ਦੇਸ਼ ਦੀਆਂ ਟਰੇਡ ਯੂਨੀਅਨਾਂ ਦੇ ਸਾਂਝੇ ਫ਼ੈਸਲੇ ’ਤੇ ਪੂਰੇ ਭਾਰਤ ਵਿਚ  ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਤੇ ਦੇਸ਼ ਵਿੱਚ ਹੋ ਰਹੇ  ਨਿਜੀਕਰਨ, ਬੇਰੁਜ਼ਗਾਰੀ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਤਪਾਲ  ਧਾਲੀਵਾਲ ਪ੍ਰਧਾਨ ਇੰਟਕ ਤੇ ਦਵਿੰਦਰ ਧਾਲੀਵਾਲ ਪ੍ਰਧਾਨ ਯੂਥ ਇੰਟਕ ਸੰਗਰੂਰ ਦੀ  ਪ੍ਰਧਾਨਗੀ ਹੇਠ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਸੰਗਰੂਰ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ  ਕਿਸਾਨਾਂ ਦੇ ਹੱਕ ’ਚ ਖੜ੍ਹੇ। ਉਨ੍ਹਾਂ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।   ਇਸ ਮੌਕੇ  ਬਾਲ ਕ੍ਰਿਸ਼ਨ, ਬੰਤ ਸਿੰਘ, ਦਿਨੇਸ਼ ਪਰੋਚਾ, ਕਰਮਜੀਤ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ,  ਸਤਵਿੰਦਰ ਸਿੰਘ, ਭਜਨ ਸਿੰਘ, ਸ਼ੀਲਾ ਦੇਵੀ, ਰਾਣੀ, ਲਾਲੀ ਸਿੰਘ, ਬਬਲੀ ਕੌਰ ਤੇ ਮਨਪ੍ਰੀਤ  ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ  ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ  ਕਾਂਗੜਾ ਦੀ ਅਗਵਾਈ ਹੇਠ ਸ਼ਹਿਰ ਦੀ ਬਰਨਾਲਾ ਕੈਂਚੀਆਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ  ਕੀਤੇ ਜਾ ਰਹੇ ਰੋਸ ਮੁਜ਼ਾਹਰੇ ’ਚ ਆਪਣੇ ਸਾਥੀਆਂ ਸਣੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune