ਰੇਲਵੇ ਸਟੇਸ਼ਨ ਤੇ ਟੌਲ ਪਲਾਜ਼ਾ ’ਤੇ ਡਟੇ ਕਿਰਤੀ-ਕਿਸਾਨ

January 21 2021

ਇੱਥੇ ਰੇਲਵੇ ਸਟੇਸ਼ਨ ’ਤੇ ਦਿੱਤੇ ਜਾ ਰਹੇ ਧਰਨੇ ਦੇ 112ਵੇਂ ਦਿਨ ਹਲਕੇ ਦੇ ਕਿਸਾਨਾਂ ਨੇ ਭੁੱਖ ਹੜਤਾਲ ’ਚ ਹਿੱਸਾ ਲਿਆ। ਇਸ ਤੋਂ ਪਹਿਲਾਂ ਕਿਸਾਨਾਂ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਪ੍ਰੋ. ਕਰਮ ਸਿੰਘ ਸੰਧੂ, ਹਰਚੰਦ ਸਿੰਘ ਢੋਲਣ, ਕੰਵਲਜੀਤ ਖੰਨਾ, ਜਸਵੰਤ ਚੂਹੜਚੱਕ, ਮਦਨ ਸਿੰਘ, ਮੱਘਰ ਸਿੰਘ ਢੋਲਣ, ਅਵਤਾਰ ਗਿੱਲ, ਜਗਦੀਸ਼ ਸਿੰਘ ਅਤੇ ਧਰਮ ਸਿੰਘ ਸੂਜਾਪੁਰ ਨੇ ਸੰਬੋਧਨ ਕੀਤਾ।

ਇਸੇ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਚੌਕੀਮਾਨ ਟੌਲ ਪਲਾਜ਼ਾ ’ਤੇ ਡਟੇ 19 ਪਿੰਡਾਂ ਦੇ ਕਿਰਤੀਆਂ ਨੂੰ ਗੁਰਮੇਲ ਭਰੋਵਾਲ, ਸਤਨਾਮ ਮੋਰਕਰੀਮਾਂ, ਚਰਨ ਸਰਾਭਾ, ਮੁਕੰਦ ਸਿੰਘ ਮਾਨ, ਬਲਤੇਜ ਬਦੇਸ਼ਾ, ਗਗਨ ਸਰਾਂ, ਪਰਮਜੀਤ ਸਿੱਧਵਾਂ ਤੇ ਅਮਰਜੀਤ ਸਿੱਧਵਾਂ ਨੇ ਸੰਬੋਧਨ ਕੀਤਾ।

ਇੱਥੇ ਮੇਨ ਚੌਕ ਵਿੱਚ ‘ਅਕਸ ਰੰਗਮੰਚ ਸਮਰਾਲਾ’ ਦੀ ਸਮੁੱਚੀ ਟੀਮ ਨੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ ਗਿਆ। ਅੱਜ ਰਾਜਵਿੰਦਰ ਸਮਰਾਲਾ ਦਾ ਜਨਮ ਦਿਨ ਵੀ ਵੱਖਰੇ ਤਰੀਕੇ ਨਾਲ ਕੇਕ ਕੱਟ ਕੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਦੇ ਹੱਕ ਵਿੱਚ ਆਕਾਸ਼ ਗੂੰਜਾਊਂ ਨਾਅਰੇ ਲਾਏ ਗਏ। ਇਸ ਮੌਕੇ ਗਗਨਦੀਪ ਸ਼ਰਮਾ ਨੇ ਕਿਹਾ ਪਿਛਲੇ 55 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਕਸ ਰੰਗਮੰਚ ਸਮਰਾਲਾ ਦੀ ਟੀਮ ਤਿੰਨ ਵਾਰ ਨਾਟਕ ‘ਅੰਨਦਾਤਾ’ ਖੇਡ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਚੁੱਕੀ ਹੈ। ਸਮੁੱਚੀ ਟੀਮ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 26 ਜਨਵਰੀ ਨੂੰ ਦਿੱਲੀ ਪੁੱਜਣ ਤਾਂ ਜੋ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਵਿੱਚੋਂ ਉਠਾਇਆ ਜਾ ਸਕੇ। ਇਸ ਮੌਕੇ ਕਮਲਜੀਤ ਕੌਰ ਦਿਆਲਪੁਰਾ, ਗਗਨਦੀਪ ਸ਼ਰਮਾ, ਅਜੈ ਸ਼ਰਮਾ, ਰਵੀ ਹੰਸ, ਦੀਪਕ ਚੇਤਨ, ਉਦੈਵੀਰ ਸਿੰਘ, ਸ਼ੀਨੂ ਦਿਆਲਪੁਰਾ ਤੇ ਇੰਦਰਜੀਤ ਸਮਰਾਲਾ ਹਾਜ਼ਰ ਸਨ।

ਅਕਾਲੀ ਦਲ ਦੇ ਵਰਕਰ ਟਰੈਕਟਰ ਪਰੇਡ ’ਚ ਹੋਣਗੇ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਹਲਕਾ ਸਾਹਨੇਵਾਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਪਿੰਡ ਖਾਸੀ ਕਲਾਂ ਵਿੱਚ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਜਿਸ ’ਚ 26 ਜਨਵਰੀ ਨੂੰ ਦਿੱਲੀ ਵਿੱਚ ਹੋ ਰਹੀ ਟਰੈਕਟਰ ਪਰੇਡ ’ਚ ਸ਼ਮੂਲੀਅਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ 26 ਜਨਵਰੀ ਨੂੰ ਹਲਕਾ ਸਾਹਨੇਵਾਲ ਦੇ ਅਕਾਲੀ ਵਰਕਰ ਦਿੱਲੀ ਵਿੱਚ ਟਰੈਕਟਰ ਪਰੇਡ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੀ ਦੁਨੀਆਂ ’ਚ ਫੈਲ ਚੁੱਕਾ ਹੈ ਅਤੇ ਜੇਕਰ ਪ੍ਰਧਾਨ ਮੰਤਰੀ ਮੋਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਿੱਚ ਦੇਰੀ ਕਰਦੇ ਹਨ ਤਾਂ ਉਹ ਮੁੜ ਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ।

ਐੱਨਆਈਏ ਵੱਲੋਂ ਨੋਟਿਸ ਜਾਰੀ ਕਰਨ ਦੀ ਨਿਖੇਧੀ

ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਐੱਨਆਈਏ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ਕਰ ਰਹੇ ਦੋ ਦਰਜਨ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਨ ਦੀ ਇਨਕਲਾਬੀ, ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਜਸਵੰਤ ਜੀਰਖ, ਸਤੀਸ਼ ਸੱਚਦੇਵਾ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਜਮਹੂਰੀਅਤ ਤੇ ਇਨਸਾਫ਼ ਪਸੰਦ ਤਾਕਤਾਂ ਨੂੰ ਇਸ ਹਮਲੇ ਦਾ ਇੱਕਜੁੱਟ ਹੋ ਕੇ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕੌਮੀ ਜਾਂਚ ਏਜੰਸੀ ਅਤੇ ਹੋਰ ਏਜੰਸੀਆਂ ਨੂੰ ਹੱਥਠੋਕਾ ਬਣਾ ਕੇ ਸੰਘਰਸ਼ ਨੂੰ ਦਬਾਉਣ ਲਈ ਵਰਤਣਾ ਬੰਦ ਕਰੇ, ਗ਼ੈਰਕਾਨੂੰਨੀ ਫੰਡਿੰਗ ਦੇ ਨਾਂ ਹੇਠ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ, ਕਾਲੇ ਕਾਨੂੰਨ ਬਿਨਾਂ ਸ਼ਰਤ ਵਾਪਸ ਲਏ ਜਾਣ ਅਤੇ ਡੂੰਘੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਖੇਤੀ ਮਾਮਲਿਆਂ ਦੇ ਮਾਹਰਾਂ ਨਾਲ ਗੰਭੀਰ ਚਰਚਾ ਸ਼ੁਰੂ ਕਰੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune