ਰੇਲ ਰੋਕੋ ਨੂੰ ਪੰਜਾਬ, ਹਰਿਆਣਾ ਤੇ ਹੋਰ ਥਾਈਂ ਭਰਵਾਂ ਹੁੰਗਾਰਾ

February 19 2021

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਦੇਸ਼ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਤੇ ਯੂਨੀਅਨਾਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਦਿਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਕੌਮੀ ਪੱਧਰ ’ਤੇ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ ’ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ-ਛੋਟੇ ਰੇਲਵੇ ਸਟੇਸ਼ਨਾਂ ਦੀਆਂ ਰੇਲ ਪੱਟੜੀਆਂ ਰੋਕੀਆਂ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੁਝ ਰਾਜਾਂ ਤੱਕ ਹੀ ਸੀਮਤ ਹੈ ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਸੇ ਕਰਕੇ ਇਸ ਅੰਦੋਲਨ ਦੀ ਕਿਸਾਨ ਮੋਰਚੇ ਲਈ ਐਨੀ ਅਹਿਮੀਅਤ ਸੀ। ਉਨ੍ਹਾਂ ਕਿਹਾ ਕਿ ਰੇਲਵੇ ਦੇ ਕੌਮੀ ਨੈੱਟਵਰਕ ਵਾਂਗ ਹੀ ਕਿਸਾਨਾਂ ਨੇ ਕੌਮੀ ਪੱਧਰ ਦੀ ਲਾਮਬੰਦੀ ਕੀਤੀ ਤੇ ਅਮਨ, ਸ਼ਾਂਤੀ ਨਾਲ ਇਸ ਅੰਦੋਲਨ ਨੂੰ ਨੇਪਰੇ ਚਾੜ੍ਹਿਆ।

ਪ੍ਰਾਪਤ ਰਿਪੋਰਟਾਂ ਮੁਤਾਬਕ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ। ਕਿਸਾਨ ਆਗੂਆਂ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਕਿਸਾਨ ਅੰਦੋਲਨ ਦੇ ਇਸ ਪੜਾਅ ਦੌਰਾਨ ਪੱਟੜੀਆਂ ਮੱਲ ਕੇ ਕਿਸਾਨਾਂ ਦਾ ਸਾਥ ਦਿੱਤਾ। ਕਿਸੇ ਪਾਸਿਉਂ ਕੋਈ ਅਣਹੋਣੀ ਜਾਂ ਪੁਲੀਸ ਨਾਲ ਟਾਕਰੇ ਦੀ ਕੋਈ ਸੂਚਨਾ ਨਹੀਂ ਮਿਲੀ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਉੱਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦਾ। ਅੱਜ ਸਿੰਘੂ ਤੇ ਟਿਕਰੀ ਬਾਰਡਰਾਂ ਦੇ ਮੋਰਚਿਆਂ ਦੇ ਮੰਚਾਂ ਤੋਂ ਕਿਸਾਨ ਆਗੂਆਂ ਨੇ ਰੇਲ ਰੋਕੋ ਦੇ ਸ਼ਾਂਤਮਈ ਪੂਰਨ ਹੋਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਰੂਕਸ਼ੇਤਰ ਰੇਲਵੇ ਟਰੈਕ, ਰੇਵਾੜੀ ਰੇਲਵੇ ਟਰੈਕ ’ਤੇ ਕਿਸਾਨਾਂ ਨੇ ਧਰਨਾ ਦਿੱਤਾ। ਇਸੇ ਤਰ੍ਹਾਂ ਹਰਿਦੁਆਰ ਸਪੈਸ਼ਲ ਮੇਰਠ ਵਿੱਚ, ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈਸ ਪਾਣੀਪਤ ’ਚ ਰੋਕੀ ਗਈ। ਕਿਸਾਨਾਂ ਨੇ ਯਮੁਨਾਨਗਰ, ਹਰਿਆਣਾ, ਉੜੀਸਾ ਦੇ ਬ੍ਰਹਮਾਪੁਰ, ਬਿਹਾਰ ਦੇ ਸ਼ੇਖਪੁਰਾ, ਮਹਾਰਾਸ਼ਟਰ ਵਿੱਚ ਔਰੰਗਾਬਾਦ, ਪੁਣੇ, ਜੰਮੂ ਅਤੇ ਕਰਨਾਲ ’ਚ ਵੀ ਰੇਲ ਟਰੈਕ ਜਾਮ ਕੀਤੇ।

ਉੱਧਰ ਭਾਰਤੀ ਰੇਲਵੇ ਨੇ ਦੱਸਿਆ ਕਿ 4 ਘੰਟੇ ਦਾ ਰੇਲ ਰੋੋਕੋ ਅੰਦੋਲਨ ਸ਼ਾਂਤੀਪੂਰਵਕ ਪੂਰਾ ਹੋ ਗਿਆ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਰੇਲਵੇ ਨੇ ਬਿਆਨ ਵਿੱਚ ਕਿਹਾ ਕਿ 20 ਵਾਧੂ ਕੰਪਨੀਆਂ ਰੇਲਵੇ ਸੁਰੱਖਿਆ ਲਈ ਲਾਈਆਂ ਗਈਆਂ ਸਨ ਤੇ ਦੇਸ਼ ਭਰ ਵਿੱਚ ਰੇਲ ਰੋੋਕੋ ਦਾ ਅਸਰ ਬਹੁਤ ਘੱਟ ਪਿਆ। ਕੁਝ ਇਲਾਕਿਆਂ ਵਿੱਚ ਕੁਝ ਰੇਲ ਗੱਡੀਆਂ ਰੋਕੀਆਂ ਗਈਆਂ ਸਨ ਪਰ ਬਾਅਦ ਵਿੱਚ ਰੇਲ ਆਵਾਜਾਈ ਆਮ ਵਰਗੀ ਹੋ ਗਈ। ਸ਼ਾਮ ਨੂੰ ਰੇਲਵੇ ਦੇ ਸਾਰੇ ਜ਼ੋਨਾਂ ਵਿੱਚ ਰੇਲ ਆਵਾਜਾਈ ਪੂਰਨ ਰੂਪ ਵਿੱਚ ਚੱਲ ਪਈ ਸੀ। ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਰੇਲਵੇ ਪੁਲੀਸ ਬਲ (ਆਰਪੀਐੱਫ) ਵੱਲੋਂ ਵੱਖ ਵੱਖ ਰਾਜਾਂ ਦੀ ਪੁਲੀਸ ਨਾਲ ਤਾਲਮੇਲ ਕਰਕੇ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ। ਡੀਸੀਪੀ ਰੇਲਵੇ ਹਰਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਬਾਰਡਰ ’ਤੇ ਕੁਝ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਰੇਲ ਪੱਟੜੀਆਂ ਉਪਰ ਚੌਕਸੀ ਵਧਾਈ ਗਈ ਜਿਸ ਵਿੱਚ ਪਲੈਟਫਾਰਮਾਂ ਦੀ ਸੁਰੱਖਿਆ ਵੀ ਸ਼ਾਮਲ ਸੀ। ਕੌਮੀ ਰਾਜਧਾਨੀ ਦਿੱਲੀ ਦੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ਦੀ ਰਾਖੀ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।

ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਵੱਲੋਂ ਰੇਲ ਚੱਕਾ ਜਾਮ

ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਨੇ ਦੇਸ਼ ਦੇ 10 ਸੂਬਿਆਂ ਵਿਚ ਚਾਰ ਘੰਟਿਆਂ ਲਈ ਰੇਲਾਂ ਰੋਕੀਆਂ। ਇਸ ਮੌਕੇ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਰੇਲਾਂ ਰੋਕਣ ਦੇ ਦੇਸ਼ ਵਿਆਪੀ ਸੱਦੇ ਨੂੰ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਨੇ ਇਸ ਸੱਦੇ ਨੂੰ ਲਾਗੂ ਕਰਦਿਆਂ ਦੇਸ਼ ਦੇ ਪੰਜਾਬ, ਉੜੀਸਾ, ਹਰਿਆਣਾ, ਤਿਲੰਗਾਨਾ, ਬਿਹਾਰ, ਆਂਧਰਾ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ 12 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕ ਕੇ ਰੋਸ ਮੁਜ਼ਾਹਰੇ ਕੀਤੇ। ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੇਂਦਰੀ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਇਹ ਅੰਦੋਲਨ ਇਕੱਲੇ ਪੰਜਾਬ ਦਾ ਅੰਦੋਲਨ ਨਾ ਰਹਿ ਕੇ ਇਹ ਪੂਰੇ ਦੇਸ਼ ਭਰ ਦਾ ਅੰਦੋਲਨ ਬਣ ਗਿਆ ਹੈ।

ਯੂਪੀ ਵਿੱਚ ਵੀ ਰੋਕੀਆਂ ਰੇਲਾਂ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਰੇਲ ਰੋੋਕੋ ਦਾ ਅਸਰ ਦਿੱਲੀ-ਰਾਮਪੂਰ ਰੂਟ ਉਪਰ ਦੇਖਣ ਨੂੰ ਮਿਲਿਆ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਾਪੁੜ, ਮੁਰਾਦਾਬਾਦ, ਰਾਮਪੁਰ, ਬਿਲਾਸਪੁਰ, ਮਥੁਰਾ, ਅਲੀਗੜ੍ਹ, ਹਾਥਰਸ, ਕਾਨਪੁਰ, ਗੋਰਖਪੁਰ, ਗਾਜ਼ੀਆਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ ਤੇ ਲਖੀਮਪੁਰ ਵਿੱਚ ਕਿਸਾਨਾਂ ਨੇ ਪੱਟੜੀਆਂ ਉਪਰ ਧਰਨੇ ਦੇ ਕੇ ਰੇਲਾਂ ਰੋਕੀਆਂ। ਰੇਲਵੇ ਨੇ ਦਾਅਵਾ ਕੀਤਾ ਗਿਆ ਕਿ ਮੇਰਠ, ਬਲੀਆ, ਪ੍ਰਯਾਗਰਾਜ, ਬਿਜਨੌਰ, ਅਮੇਠੀ ਤੇ ਅਲੀਗੜ੍ਹ ’ਚ ਪੁਲੀਸ ਨੇ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਮੇਰਠ ਕੈਂਟ ਦੇ ਰੇਲਵੇ ਸਟੇਸ਼ਨ ’ਤੇ ਇੱਕਠੇ ਹੋਏ ਕਿਸਾਨਾਂ ਨੇ ਪੱਟੜੀਆਂ ’ਤੇ ਚਾਦਰਾਂ ਵਿਛਾ ਦਿੱਤੀਆਂ ਜਿਸ ਨੂੰ ਪੁਲੀਸ ਨੇ ਕੁਝ ਦੇਰ ਬਾਅਦ ਹਟਾ ਦਿੱਤਾ। ਉਨ੍ਹਾਂ ਕਿਹਾ ਪ੍ਰਯਾਗਰਾਜ ਤੇ ਬਲੀਆ ਰੇਲਵੇ ਸਟੇਸ਼ਨਾਂ ਅੰਦਰ ਕਿਸਾਨਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਜਿਸ ਕਰਕੇ ਉਹ ਬਾਹਰੋਂ ਹੀ ਨਾਅਰੇ ਲਾ ਕੇ ਚਲੇ ਗਏ।

ਰੇਲ ਰੋਕੋ ਨੂੰ ਪੰਜਾਬ ’ਚ ਜ਼ਬਰਦਸਤ ਹੁੰਗਾਰਾ

ਪੰਜਾਬ ਭਰ ’ਚ ਰੇਲ ਰੋਕੋ ਪ੍ਰੋਗਰਾਮ ਨੂੰ ਅੱਜ ਜ਼ਬਰਦਸਤ ਹੁੰਗਾਰਾ ਦਿੱਤਾ ਗਿਆ ਤੇ ਕਿਸਾਨ-ਜਥੇਬੰਦੀਆਂ ਨੇ 100 ਤੋਂ ਵੱਧ ਥਾਵਾਂ ’ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ। ਪਿੰਡਾਂ ਤੋਂ ਕਿਸਾਨਾਂ ਨੇ ਟਰੈਕਟਰਾਂ ਤੇ ਟਰਾਲੀਆਂ ’ਤੇ ਸਵਾਰ ਹੋ ਕੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਵੱਲ ਕੂਚ ਨਹੀਂ ਕੀਤਾ ਸਗੋਂ ਪਿੰਡਾਂ ਵਿੱਚ ਵੀ ਰੇਲਵੇ ਲਾਈਨਾਂ ’ਤੇ ਧਰਨੇ ਮਾਰ ਕੇ ਖੇਤੀ ਕਾਨੂੰਨ ਵਾਪਸ ਲੈਣ ਲਈ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਦੀਆਂ ਸਮੁੱਚੀਆਂ ਰੇਲਵੇ ਲਾਈਨਾਂ ’ਤੇ ਰੇਲ ਆਵਾਜਾਈ 12 ਵਜੇ ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਤੌਰ ’ਤੇ ਠੱਪ ਰਹੀ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਪੰਜਾਬ ’ਚ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੇ ਸਾਰੀਆਂ ਥਾਵਾਂ ’ਤੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਦੇ ਕਿਸਾਨ-ਅੰਦੋਲਨ ਪ੍ਰਤੀ ਅਪਣਾਏ ਰੁਖ਼ ਖ਼ਿਲਾਫ਼ ਰੋਸ ਪ੍ਰਗਟਾਇਆ। ਪੰਜਾਬ ਭਰ ’ਚ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਲੋਕਾਂ ਨੂੰ ਅੰਦੋਲਨ ਮਜ਼ਬੂਤ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਅੱਜ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਅਤੇ ਸਾਂਝੀ ਕਿਸਾਨ ਲੀਡਰਸ਼ਿਪ ਤੇ ਬੇਅੰਤ ਭਰੋਸਾ ਜਤਾਉਣ ਲਈ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਅਤੇ ਇਨਸਾਫ਼ ਪਸੰਦ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਵਾਮ ਵੱਲੋਂ ਦਿੱਤੇ ਜਾ ਰਹੇ ਬੇਮਿਸਾਲ ਸਹਿਯੋਗ ਤੋਂ ਇਹ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਜ਼ਰੂਰ ਕਾਮਯਾਬ ਹੋਵੇਗਾ। ਕਿਸਾਨ ਜਥੇਬੰਦੀਆਂ ਨੇ ਅੰਦੋਲਨ ਕਾਰਨ ਆਮ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ’ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਹੰਕਾਰੀ ਹੁਕਮਰਾਨਾਂ ਨੂੰ ਝੁਕਾਉਣ ਲਈ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਤੇ ਸ਼ਾਂਤਮਈ ਅੰਦੋਲਨ ਹੀ ਕਾਮਯਾਬ ਹੁੰਦੇ ਹਨ।

ਚਾਰ ਮੈਟਰੋ ਸਟੇਸ਼ਨ ਬੰਦ ਕੀਤੇ

ਦਿੱਲੀ ਮੈਟਰੋ ਨੇ ‘ਰੇਲ ਰੋੋਕੋ’ ਦੇ ਕੌਮੀ ਸੱਦੇ ਦੇ ਮੱਦੇਨਜ਼ਰ ਦਿੱਲੀ-ਬਹਾਦਰਗੜ੍ਹ ਮੈਟਰੋ ਮਾਰਗ ਦੇ 4 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ। ਇਨ੍ਹਾਂ ਸਟੇਸ਼ਨਾਂ ਤੋਂ ਮੈਟਰੋ ਰੇਲਾਂ ਆਮ ਵਾਂਗ ਚੱਲਦੀਆਂ ਰਹੀਆਂ ਸਿਰਫ਼ ਸਟੇਸ਼ਨ ਵਿੱਚ ਦਾਖ਼ਲ ਹੋਣ ਤੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਬੰਦ ਰੱਖੇ ਗਏ। ਮੈਟਰੋ ਦੇ ਬੁਲਾਰੇ ਨੇ ਦੱਸਿਆ ਕਿ ਟਿਕਰੀ ਬਾਰਡਰ, ਪੰਡਿਤ ਸ੍ਰੀ ਰਾਮ ਸ਼ਰਮਾ ਸਟੇਸ਼ਨ, ਬਹਾਦਰਗੜ੍ਹ ਸ਼ਹਿਰ ਸਟੇਸ਼ਨ ਤੇ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਸਟੇਸ਼ਨ ਬੰਦ ਰੱਖੇ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune