ਰੇਲ ਰੋਕੋ ਅੰਦੋਲਨ: ਕੇਂਦਰ ਖ਼ਿਲਾਫ਼ ਕਿਸਾਨ ਰੋਹ ਵਧਿਆ

November 09 2020

ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੰਡਿਆਲਾ ਗੁਰੂ ਵਿੱਚ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 46ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਲੋਕਾਂ ਦੀਆਂ ਪ੍ਰੇਸ਼ਾਨੀਆਂ ਦੇਖਦਿਆਂ ਕਿਸਾਨਾਂ ਨੇ ਰੇਲਵੇ ਪਟੜੀਆਂ ਤੋਂ ਧਰਨਾ ਚੁੱਕ ਕੇ ਰੇਲਵੇ ਪਾਰਕ ਵਿੱਚ ਤਬਦੀਲ ਕਰ ਲਿਆ ਹੈ। ਜਿਉਂ ਜਿਉਂ ਸੰਘਰਸ਼ ਲੰਮਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਕਿਸਾਨਾਂ ਵਿੱਚ ਕੇਂਦਰ ਖ਼ਿਲਾਫ਼ ਰੋਸ ਅਤੇ ਗੁੱਸਾ ਵਧਦਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਕਹਿੰਦੇ ਹਨ ਕਿ ਜੇ ਕਿਸੇ ਨੇ ਆਰਡੀਨੈਂਸਾਂ ਬਾਰੇ ਕੋਈ ਗੱਲ ਸਮਝਣੀ ਹੈ ਤਾਂ ਕਿਸਾਨ ਆ ਜਾਣ ਪਰ ਉਹ ਆਰਡੀਨੈਸਾਂ ਵਾਪਸ ਕਰਨ ਸਬੰਧੀ ਕੋਈ ਗੱਲਬਾਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਇਸ ਵੇਲੇ ਕੇਂਦਰ ਸਰਕਾਰ ਕਾਰਨ ਪੰਜਾਬ ਦੀ ਸਥਿਤੀ ਗੰਭੀਰ ਹੋ ਰਹੀ ਹੈ। ਇਹੋ ਜਿਹੀ ਸਥਿਤੀ ਦਾ ਮੁਕਾਬਲਾ ਕਰਨ ਲਈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇਗਾ।

ਕਿਸਾਨ ਆਗੂਆਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕੀਤੇ ਗਏ ਕੇਸਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਇਸ ਦੌਰਾਨ ਕਿਸਾਨ ਆਗੂਆਂ ਨੇ ਦੀਵਾਲੀ ਵਾਲੇ ਦਿਨ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਦੁਕਾਨਾਂ, ਆਵਾਜਾਈ ਦੇ ਸਾਧਨਾਂ ਅਤੇ ਦਫ਼ਤਰਾਂ ਵਿਚ ਕਾਲੇ ਝੰਡੇ ਲਗਾ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਕਿਸਾਨ-ਮਜ਼ਦੂਰ ਅੰਦੋਲਨ ਦਾ ਸਮਰਥਨ ਕਰਨ। ਇਸ ਮੌਕੇ ਕੁਲਦੀਪ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਜਗਮੋਹਨ ਸਿੰਘ, ਨਿਸ਼ਾਨ ਸਿੰਘ, ਗੁਰਜੀਤ ਸਿੰਘ, ਤਰਸੇਮ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune