ਰੂੜੀ ਦੀ ਖਾਦ ਹੈ ਫ਼ਸਲਾਂ ਲਈ ਵਧੀਆ ਖ਼ੁਰਾਕੀ ਸਰੋਤ

March 09 2021

ਰੂੜੀ ਦੀ ਖਾਦ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੈ। ਇਸ ਨਾਲ ਪੌਦੇ ਦੀਆਂ ਜੜ੍ਹਾਂ ਦਾ ਵਿਕਾਸ ਹੁੰਦਾ ਹੈ ਤੇ ਉਹ ਜ਼ਮੀਨ ਦੀਆਂ ਡੂੰਘੀਆਂ ਪਰਤਾਂ ਵਿਚੋਂ ਪਾਣੀ ਤੇ ਖ਼ੁਰਾਕੀ ਤੱਤ ਆਸਾਨੀ ਨਾਲ ਲੈ ਲੈਂਦੇ ਹਨ। ਰੂੜੀ ਦੀ ਖਾਦ ਡੰਗਰਾਂ ਦੇ ਗੋਹੇ, ਫ਼ਸਲਾਂ, ਪੱਠਿਆਂ ਦੀ ਰਹਿੰਦ-ਖੂੰਹਦ ਨੂੰ ਮਿਲਾ ਕੇ ਬਣਦੀ ਹੈ। ਇਸ ਲਈ ਰੂੜੀ ਵਿਚ ਖ਼ੁਰਾਕੀ ਤੱਤਾਂ ਦੀ ਮਾਤਰਾ ਉਸੇ ਅਨੁਪਾਤ ਵਿਚ ਹੋਵੇਗੀ, ਜਿਸ ਅਨੁਪਾਤ ਵਿਚ ਇਹ ਚੀਜ਼ਾਂ ਮਿਲਾਈਆਂ ਹੋਣ। ਰੂੜੀ ਦੀ ਖਾਦ ਤੋਂ ਭਾਵ ਹੈ ਪਸ਼ੂਆਂ ਦਾ ਮਲ-ਮੂਤਰ, ਉਨ੍ਹਾਂ ਹੇਠ ਵਿਛਾਈ ਗਈ ਸੁੱਕ ਆਦਿ ਜੋ ਪੂਰੀ ਤਰ੍ਹਾਂ ਗਲ ਚੁੱਕੇ ਹੋਣ।

ਪਸ਼ੂਆਂ ਦੁਆਰਾ ਖ਼ੁਰਾਕ ਜ਼ਰੀਏ ਖਾਧੇ ਗਏ ਲਗਭਗ 70 ਫ਼ੀ ਸਦੀ ਨਾਈਟ੍ਰੋਜਨ, ਫ਼ਾਸਫ਼ੋਰਸ ਤੇ 90 ਫ਼ੀ ਸਦੀ ਤੋਂ ਵੀ ਜ਼ਿਆਦਾ ਪੋਟਾਸ਼ੀਅਮ ਤੱਤ ਉਨ੍ਹਾਂ ਦੇ ਮੁਲ-ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ। ਕਰੀਬ 55 ਫ਼ੀ ਸਦੀ ਨਾਈਟ੍ਰੋਜਨ ਤੇ 82 ਫ਼ੀ ਸਦੀ ਪੋਟਾਸ਼ੀਅਮ ਤੱਤ ਪਸ਼ੂਆਂ ਦੇ ਪਿਸ਼ਾਬ ਵਿਚ, 45 ਫ਼ੀ ਸਦੀ ਨਾਈਟ੍ਰੋਜਨ ਤੇ 18 ਫ਼ੀ ਸਦੀ ਪੋਟਾਸ਼ੀਅਮ ਗੋਹੇ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਕਰੀਬ ਸਾਰੀ ਦੀ ਸਾਰੀ ਫ਼ਾਸਫ਼ੋਰਸ ਗੋਹੇ ਵਿਚ ਹੀ ਹੁੰਦੀ ਹੈ। ਰੂੜੀ ਦੀ ਖਾਦ ਤੋਂ ਪੂਰਾ ਫ਼ਾਇਦਾ ਤਦ ਹੀ ਲਿਆ ਜਾ ਸਕਦਾ ਹੈ ਜੇ ਉਸ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ। ਆਮ ਤੌਰ ’ਤੇ ਕਿਸਾਨ ਰੂੜੀ ਦੀ ਗੁਣਵੱਤਾ ਸੁਧਾਰਨ ਵੱਲ ਧਿਆਨ ਨਹੀਂ ਦਿੰਦੇ। ਰਾਹਾਂ ਦੇ ਕੰਢੇ ’ਤੇ ਰੂੜੀ ਦੇ ਖੁੱਲ੍ਹੇ ਢੇਰ ਲਗਾ ਦਿਤੇ ਜਾਂਦੇ ਹਨ ਜਿਸ ਉਪਰ ਜਿਥੇ ਮੱਖੀਆਂ-ਮੱਛਰ ਪਲਦੇ ਹਨ ਉਥੇ ਰੂੜੀ ਦੀ ਕੁਆਲਿਟੀ ਵੀ ਮਾੜੀ ਹੁੰਦੀ ਹੈ। ਰੁੜੀ ਦੀ ਚੰਗੀ ਤਰ੍ਹਾਂ ਸੰਭਾਲ ਲਈ ਇਸ ਨੂੰ ਟੋਇਆਂ ਵਿਚ ਪਾਇਆ ਜਾਣਾ ਚਾਹੀਦਾ ਹੈ। ਰੂੜੀ ਦੀ ਖਾਦ ਨਿਸ਼ਚਿਤ ਆਕਾਰ ਦੇ ਟੋਇਆਂ ਵਿਚ ਹੀ ਤਿਆਰ ਕਰਨੀ ਚਾਹੀਦੀ ਹੈ। ਇਨ੍ਹਾਂ ਟੋਇਆਂ ਵਿਚ ਪੈਦਾ ਹੋਣ ਵਾਲੇ ਅੰਦਰੂਨੀ ਦਬਾਅ ਕਾਰਨ ਰੂੜੀ ਚੰਗੀ ਤਰ੍ਹਾਂ ਗਲਦੀ-ਸੜਦੀ ਹੈ ਤੇ ਉਸ ਵਿਚਲੇ ਖ਼ੁਰਾਕੀ ਤੱਤ ਵੀ ਚੰਗੀ ਤਰ੍ਹਾਂ ਸੰਭਾਲੇ ਰਹਿੰਦੇ ਹਨ। ਇਸ ਤੋਂ ਇਲਾਵਾ ਟੋਇਆਂ ਵਿਚ ਰੂੜੀ ਖਾਦ ਨੂੰ ਰੱਖਣ ਨਾਲ ਆਲਾ-ਦੁਆਲਾ ਵੀ ਸਾਫ਼ ਤੇ ਸਿਹਤਮੰਦ ਰਹਿੰਦਾ ਹੈ।

ਡੰਗਰਾਂ ਦਾ ਮਲ-ਮੂਤਰ ਤੇ ਭਿੱਜੀ ਹੋਈ ਸੁੱਕ, ਇਸ ਤਰ੍ਹਾਂ ਇਕੱਠੇ ਕੀਤੇ ਜਾਣ ਕਿ ਪਸ਼ੂਆਂ ਦਾ ਪਿਸ਼ਾਬ ਵੀ ਗੋਹੇ ਨਾਲ ਇਕੱਠਾ ਹੋ ਸਕੇ। ਪਸ਼ੂਆਂ ਥੱਲੇ ਤੂੜੀ, ਪਰਾਲੀ ਫ਼ਾਲਤੂ ਚਾਰਾ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਖਿਲਾਰ ਦਿਉ ਤਾਂ ਜੋ ਡੰਗਰਾਂ ਦਾ ਪਿਸ਼ਾਬ ਇਨ੍ਹਾਂ ਵਿਚ ਸਮਾ ਜਾਵੇ। ਇਕ ਕਿਲੋ ਪਰਾਲੀ ਕਰੀਬ 1.5 ਕਿਲੋ ਪਿਸ਼ਾਬ ਨੂੰ ਸੋਖ ਲੈਂਦੀ ਹੈ। ਪਿਸ਼ਾਬ ਸੋਖਣ ਨਾਲ ਪਰਾਲੀ ਵਿਚ ਕਾਰਬਨ ਤੇ ਨਾਈਟ੍ਰੋਜਨ ਦੀ ਅਨੁਪਾਤ ਵੀ ਘੱਟ ਜਾਂਦੀ ਹੈ ਜਿਸ ਨਾਲ ਪਰਾਲੀ ਛੇਤੀ ਗਲਦੀ ਹੈ। ਜੇ ਡੰਗਰਾਂ ਥੱਲੇ ਇੱਟਾਂ ਦਾ ਪੱਕਾ ਫ਼ਰਸ਼ ਲਗਾਇਆ ਜਾਵੇ ਤਾਂ ਕਰੀਬ 50 ਫ਼ੀ ਸਦੀ ਪਿਸ਼ਾਬ ਇਕ ਪਾਸੇ ਇਕੱਠਾ ਕੀਤਾ ਜਾ ਸਕਦਾ ਹੈ ਜਿਸ ਨੂੰ ਰੂੜੀ ਉਪਰ ਖਿਲਾਰਿਆ ਜਾ ਸਕਦਾ ਹੈ। ਗੋਹੇ ਨਾਲ ਹੀ ਸੁੱਕ ਨੂੰ ਵੀ ਇਕੱਠਾ ਕਰ ਕੇ ਰੂੜੀ ਉਪ ਸੁੱਟ ਦੇਣਾ ਚਾਹੀਦਾ ਹੈ।

ਟੋਏ ਦਾ ਅਕਾਰ ਪਸ਼ੂਆਂ ਦੀ ਗਿਣਤੀ ਤੇ ਮਲ-ਮੂਤਰ ਦੀ ਮਾਤਰਾ ਅਨੁਸਾਰ ਹੋਵੇ। ਆਮ ਤੌਰ ਤੇ 3-5 ਪਸ਼ੂਆਂ ਦੇ ਮਲ-ਮੂਤਰ ਵਾਸਤੇ 6-7 ਮੀਟਰ (20 ਤੋਂ 23 ਫ਼ੁਟ) ਲੰਮਾ, 1-1.5 ਮੀਟਰ (3 ਤੋਂ 6 ਫ਼ੁਟ) ਚੌੜਾ ਤੇ 3 ਫ਼ੁਟ ਡੂੰਘਾ ਟੋਆ ਕਾਫ਼ੀ ਹੈ। ਟੋਏ ਦੀ ਡੂੰਘਾਈ ਇਕ ਪਾਸਿਉਂ 3 ਫ਼ੁਟ ਤੇ ਦੂਜੇ ਪਾਸਿਉਂ 3.5 ਫ਼ੁਟ ਹੋਣੀ ਚਾਹੀਦੀ ਹੈ। ਟੋਆ ਇਹੋ ਜਿਹੀ ਥਾਂ ਪੁਟਣਾ ਚਾਹੀਦਾ ਹੈ, ਜਿਥੇ ਮੀਂਹ ਦਾ ਪਾਣੀ ਮਾਰ ਨਾ ਕਰੇ। ਮੀਂਹ ਦੇ ਪਾਣੀ ਨਾਲ ਰੂੜੀ ਵਿਚੋਂ ਮੱਲ੍ਹੜ ਆਦਿ ਨੂੰ ਰੁੜ੍ਹਨ ਤੋਂ ਬਚਾਉਣ ਲਈ ਟੋਏ ਦੁਆਲੇ ਵੱਟਾਂ ਬਣਾਈਆਂ ਜਾ ਸਕਦੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman