ਰੂਸ-ਯੂਕਰੇਨ ਦੀ ਜੰਗ ਕਰਕੇ ਦੁਨੀਆ ਭਰ ਚ ਵਧੀ ਕਣਕ ਦੀ ਮੰਗ

March 29 2022

ਰੂਸ-ਯੂਕਰੇਨ ਜੰਗ ਕਾਰਨ ਪੰਜਾਬ ਦੀਆਂ ਸੁਨਸਾਨ ਪਈ ਮੰਡੀਆਂ ਉਮੀਦਾਂ ਨਾਲ ਮਹਿਕਣ ਲੱਗੀਆਂ ਹਨ। ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੈ ਕਿਉਂਕਿ ਅੰਤਰਰਾਸ਼ਟਰੀ ਮੰਡੀ ਚ ਕਣਕ ਦੀ ਵਧਦੀ ਮੰਗ ਦਰਮਿਆਨ ਪੰਜਾਬ ਨੂੰ ਵਿਦੇਸ਼ਾਂ ਤੋਂ ਵੀ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ। ਆਈਟੀਸੀ ਤੇ ਅਡਾਨੀ ਗਰੁੱਪ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਪੰਜਾਬ ਦੀਆਂ ਅਨਾਜ ਮੰਡੀਆਂ ਦਾ ਰੁਖ ਕਰ ਲਿਆ ਹੈ।

ਰੂਸ ਤੇ ਯੂਕਰੇਨ ਦੁਨੀਆ ਦੇ ਮੁੱਖ ਕਣਕ ਨਿਰਯਾਤਕ ਦੇਸ਼ ਹਨ। ਦੋਵਾਂ ਵਿਚਾਲੇ ਜੰਗ ਚੱਲ ਰਹੀ ਹੈ, ਇਸ ਲਈ ਉਥੋਂ ਕਣਕ ਬਰਾਮਦ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਭਾਰਤ ਨੂੰ ਇਸ ਦਾ ਲਾਭ ਮਿਲਣ ਦੀਆਂ ਸੰਭਾਵਨਾਵਾਂ ਨੇ ਖਾਸ ਕਰਕੇ ਪੰਜਾਬ ਦੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਖੰਨਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ।

ਇਸ ਸਮੇਂ ਅਜੇ ਕਣਕ ਦੀ ਵਾਢੀ ਨਹੀਂ ਹੁੰਦੀ, ਇਸ ਲਈ ਮੰਡੀ ਆਮ ਤੌਰ ਤੇ ਸੁੰਨਸਾਨ ਰਹਿੰਦੀ ਹੈ ਪਰ ਰੂਸ-ਯੂਕਰੇਨ ਜੰਗ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਕਣਕ ਬਰਾਮਦਕਾਰਾਂ ਨੇ ਪੰਜਾਬ ਵੱਲ ਰੁਖ਼ ਕੀਤਾ ਹੈ। ਇਨ੍ਹਾਂ ਵਿੱਚ ਆਈਟੀਸੀ ਤੇ ਅਡਾਨੀ ਗਰੁੱਪ ਵਰਗੇ ਵੱਡੇ ਨਾਂ ਸ਼ਾਮਲ ਹਨ। ਇਸ ਕਾਰਨ ਪੰਜਾਬ ਦੇ ਅਨਾਜ ਵਪਾਰੀ ਖਾਸ ਕਰਕੇ ਖੰਨਾ ਮੰਡੀ ਦੇ ਵਪਾਰੀ ਕਾਫੀ ਉਤਸ਼ਾਹਿਤ ਹਨ। ਇਸ ਵੇਲੇ ਖੰਨਾ ਮੰਡੀ ਵਿੱਚ ਕਰੀਬ 40 ਲੱਖ ਕੁਇੰਟਲ ਕਣਕ ਦਾ ਭੰਡਾਰ ਹੈ।

ਇਸ ਵੇਲੇ ਇੱਥੇ ਅਨਾਜ ਵਪਾਰੀਆਂ ਵੱਲੋਂ ਕਣਕ ਦੀ ਨਵੀਂ ਫ਼ਸਲ ਆਉਣ ਤੋਂ ਬਾਅਦ ਖੰਨਾ ਮੰਡੀ ਵਿੱਚ ਹੀ 200 ਮਿਲਿਅਨ ਟਨ ਭੰਡਾਰਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਥਾਨਕ ਅਨਾਜ ਵਪਾਰੀਆਂ ਦਾ ਕਹਿਣਾ ਹੈ ਕਿ ਜੰਗ ਕਾਰਨ ਉਨ੍ਹਾਂ ਨੂੰ ਦੂਜੇ ਦੇਸ਼ਾਂ ਤੋਂ ਵੱਡੇ ਆਰਡਰ ਮਿਲੇ ਹਨ, ਉਮੀਦ ਹੈ ਕਿ ਜੇਕਰ ਜੰਗ ਲੰਮੀ ਚੱਲੀ ਤਾਂ ਉਨ੍ਹਾਂ ਨੂੰ ਹੋਰ ਆਰਡਰ ਮਿਲਣਗੇ। ਜਦੋਂਕਿ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਕਣਕ ਦੀ ਬਰਾਮਦ ਵਧਣ ਨਾਲ ਕਿਸਾਨ ਵਧੇ ਹੋਏ ਭਾਅ ਤੇ ਕਣਕ ਸਿੱਧੇ ਨਿਰਯਾਤ ਨੂੰ ਵੇਚ ਸਕਦੇ ਹਨ।

ਉਧਰ ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਟੈਕਸ ਘੱਟ ਹੋਣ ਕਾਰਨ ਕਣਕ ਸਸਤੀ ਹੈ। ਪੰਜਾਬ ਦੇ ਵਪਾਰੀ ਸੂਬੇ ਚ ਲਗਾਏ ਜਾਣ ਵਾਲੇ ਟੈਕਸ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਨਾਜ ਵਪਾਰੀਆਂ ਨੇ ਉਮੀਦ ਜਤਾਈ ਹੈ ਕਿ ਨਵੇਂ ਮੁੱਖ ਮੰਤਰੀ ਟੈਕਸਾਂ ਵਿੱਚ ਕਟੌਤੀ ਕਰਨਗੇ ਤਾਂ ਜੋ ਪ੍ਰਾਈਵੇਟ ਵਪਾਰੀ ਵੀ ਸਹੀ ਰੇਟ ’ਤੇ ਵੇਚ ਸਕਣ।

ਉਧਰ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਪੈਦਾ ਹੋਏ ਹਾਲਾਤ ਦਾ ਭਾਵੇਂ ਅਨਾਜ ਵਪਾਰੀਆਂ ਨੂੰ ਫਾਇਦਾ ਹੋ ਸਕਦਾ ਹੈ ਪਰ ਕਿਸਾਨਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਦੋਂ ਫਾਇਦਾ ਹੋਵੇਗਾ ਜਦੋਂ ਐਮਐਸਪੀ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live