ਰਾਮਗੜ੍ਹ ਦੇ ਕਿਸਾਨਾਂ ਨੇ ਟਿਕਰੀ ਬਾਰਡਰ ’ਤੇ ਬਣਾਇਆ ਘਰ

January 15 2021

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸੰਘਰਸ਼ ਡੇਢ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਜਾਰੀ ਹੈ। ਕਿਸਾਨ ਪੰਜਾਬ ਤੋਂ ਦਿੱਲੀ ਮੋਰਚੇ ਲਈ ਜੱਥਿਆਂ ਦੇ ਰੂਪ ਵਿੱਚ ਚਾਲੇ ਪਾ ਰਹੇ ਹਨ। ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਮਿੰਨੀ ਪੰਜਾਬ ਦੀ ਝਲਕ ਪੈਣੀ ਸ਼ੁੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਵੀ ਸੰਘਰਸ਼ ਲੰਬਾ ਹੋਣ ਦੇ ਮੱਦੇਨਜ਼ਰ ਆਪਣੇ ਰਹਿਣ ਲਈ ਘਰ ਬਨਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਬਰਨਾਲਾ ਜ਼ਿਲੇ ਦੇ ਪਿੰਡ ਰਾਮਗੜ੍ਹ ਦੇ ਕਿਸਾਨਾਂ ਨੇ ਵੀ ਟਿਕਰੀ ਬਾਰਡਰ ’ਤੇ ਚਾਦਰਾਂ ਪਾ ਕੇ ਆਪਣਾ ਘਰ ਬਣਾ ਲਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਫ਼ਲੇ ਨਾਲ ਦਿੱਲੀ ਗਏ ਰਾਮਗੜ੍ਹ ਦੇ ਕਿਸਾਨਾਂ ਨੇ 324 ਵਰਗ ਫ਼ੁੱਟ ਜਗਾ ਨੂੰ ਲੋਹੇ ਦੀਆਂ ਚਾਦਰਾਂ ਪਾ ਕੇ ਛੱਤਿਆ ਹੈ। ਜੱਥੇਬੰਦੀ ਆਗੂ ਹਰਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿੰਡ ਤੋਂ ਹਫ਼ਤੇ ਮਗਰੋਂ ਕਾਫ਼ਲੇ ਦਿੱਲੀ ਨੂੰ ਜਾ ਰਹੇ ਹਨ। ਜਿਸ ਕਾਰਨ ਮੀਂਹ-ਕਣੀ ਤੇ ਠੰਢ ਤੋਂ ਬਚਣ ਲਈ ਚਾਦਰਾਂ ਪਾ ਕੇ 4 ਕਮਰੇ ਬਣਾਏ ਗਏ ਹਨ। ਲੋਹੇ ਦੀਆਂ ਪਾਈਪਾਂ ਸਹਾਰੇ ਚਾਦਰਾਂ ਪਾ ਕੇ ਘਰ ਬਣਾਇਆ ਹੈ। ਇਸ ’ਚ ਔਰਤਾਂ ਲਈ ਕਮਰਾ ਤੇ ਰਾਸ਼ਨ ਦੋ ਵੱਖਰੇ ਕਮਰੇ ਬਣਾਏ ਹਨ। ਜਦੋਂਕਿ ਦੋ ਕਮਰਿਆਂ ਵਿੱਚ ਕਿਸਾਨ ਭਰਾ ਰਹਿ ਰਹੇ ਹਨ। ਇਸ ਕਾਰਜ ਲਈ ਪਿੰਡ ਦੇ ਪਰਵਾਸੀ ਪੰਜਾਬੀਆਂ ਵੱਲੋਂ ਆਰਥਿਕ ਮਦਦ ਕੀਤੀ ਗਈ ਹੈ।

ਜੱਥੇਬੰਦੀ ਦੇ ਹਰੀ ਸਿੰਘ ਭੁੱਲਰ, ਜਸਵੀਰ ਸਿੰਘ ਰਾਜੂ, ਗੁਰਮੇਲ ਸਿੰਘ ਮੇਲਾ, ਜਗਜੀਤ ਸਿੰਘ ਧਾਲੀਵਾਲ ਤੇ ਕਾਕਾ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਭਾਵੇਂ ਸੁਪਰੀਮ ਕੋਰਟ ਨੇ ਰੋਕ ਲਾ ਕੇ ਕਮੇਟੀ ਬਣਾਈ ਹੈ। ਪਰ ਉਨ੍ਹਾਂ ਦੀ ਇਸ ਨਾਲ ਤਸੱਲੀ ਨਹੀਂ ਹੁੰਦੀ। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ। ਜਿਸ ਕਰਕੇ ਜੇ ਲੋੜ ਪਈ ਤਾਂ ਸਾਲਾਂ ਬੱਧੀ ਉਹ ਪੱਕੇ ਮੋਰਚੇ ਵਿੱਚ ਰਹਿ ਸਕਦੇ ਹਨ।

ਲੋਕਾਂ ’ਚ ਦਿਨੋ ਦਿਨ ਵੱਧ ਰਿਹਾ ਹੈ ਕੇਂਦਰ ਸਰਕਾਰ ਖ਼ਿਲਾਫ਼ ਰੋਹ

ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਅਤੇ ਸੂਬੇ ਦੇ ਹੋਰ ਲੋਕਾਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਰੋਹ ਦਿਨੋ ਦਿਨ ਵੱਧ ਰਿਹਾ ਹੈ। ਇਥੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ, ਸੋਮ ਸਿੰਘ ਰੱਤੀਆਂ, ਹਜੂਰਾ ਸਿੰਘ ਘਾਲੀ, ਲਖਵੀਰ ਸਿੰਘ ਖੋਸਾ ਆਦਿ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 81ਵੇਂ ਅਤੇ ਆਧੂਨਿਕ ਤਕਨੀਕ ਵਾਲੇ ਅਡਾਨੀ ਅਨਾਜ ਭੰਡਾਰ ਅੱਗੇ 106ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਬਜ਼ਰਗ ਔਰਤਾਂ ਨੇ ਵੀ ਸ਼ਿਰਕਤ ਕੀਤੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਲਕ ਉਪਰ ਜਬਰੀ ਥੋਪੇ ਗਏ ਖੇਤੀ ਕਾਨੂੰਨ ‘ਕਿਸਾਨ ਮਾਰੂ, ਪੰਜਾਬ ਮਾਰੂ’ ਸਾਜ਼ਿਸ਼ ਦਾ ਹਿੱਸਾ ਹਨ। ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਕਦਮ ਪੰਜਾਬ ਦੀ ਆਬੋ-ਹਵਾ ਨੂੰ ਖਰਾਬ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਮੁਲਕ ਦੀ ਅੰਨ ਸੁਰੱਖਿਆ ਲਈ ਪੰਜਾਬ ਤੇ ਇੱਥੋਂ ਦੇ ਕਿਸਾਨਾਂ ਵੱਲੋਂ 65 ਸਾਲਾਂ ਵਿੱਚ ਕੀਤੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ।

ਚੰਦ ਪੁਰਾਣਾ ਟੌਲ ਪਲਾਜ਼ਾ ’ਤੇ ਧਰਨਾ 106ਵੇਂ ਦਿਨ ’ਚ ਸ਼ਾਮਲ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਮਨਵਾਉਣ ਲਈ ਚੰਦ ਪੁਰਾਣਾ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਕਲਾਂ ਦੀ ਅਗਵਾਈ ਹੇਠ ਬਰਫੀਲੀ ਠੰਢ ਦੇ ਬਾਵਜ਼ੂਦ ਧਰਨਾ 106ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਹਰਮੰਦਰ ਸਿੰਘ ਡੇਮਰੂ ਕਲਾਂ, ਸੁਖਦੀਪ ਲੰਡੇ ਨੇ ਕਿਹਾ ਕਿ ਕੇਂਦਰ ਸਰਕਾਰ ਜਦ ਤੱਕ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਧਰਨੇ, ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਦੀ ਟੀਮ ਵੱਲੋਂ ਲੇਖਕ ਬਲਰਾਜ ਸਾਗਰ ਦਾ ਨਸ਼ਿਆਂ ਕਾਰਨ ਨਿੱਗਰ ਰਹੀ ਕਿਸਾਨੀ ਬਾਰੇ ਲਿਿਖਆ ਨਾਟਕ ਬੜੀ ਸਫਲਤਾ ਨਾਲ ਖੇਡਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ 18 ਜਨਵਰੀ ਨੂੰ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਫਾਜ਼ਿਲਕਾ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਘਿਰਾਓ ਕੀਤਾ ਜਾਵੇਗਾ ਤੇ ਉਹ ਨੂੰ ਦੱਸਿਆ ਜਾਵੇਗਾ ਕਿ ਕਾਲੇ ਕਾਨੂੰਨਾ ਦਾ ਅਸਲ ਅਰਥ ਕੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਟਰੈਕਟਰਾਂ ’ਤੇ ਦਿੱਲੀ ’ਚ ਟਰੈਕਟਰ ਮਾਰਚ ਦੌਰਾਨ ਸੰਭਾਵਿਤ ਹੋਣ ਵਾਲੇ ਟਕਰਾਅ ਵਰਗੀ ਸਥਿਤੀ ਨਾਲ ਸਿੱਝਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਜੁਗਾੜ ਫਿੱਟ ਨਾ ਕਰਨ ਤੇ ਸ਼ਾਂਤਮਈ ਹੀ ਸਥਿਤੀ ਦਾ ਸਾਹਮਣਾ ਕਰਨ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਨੇ ਕਿਸਾਨਾਂ ਦੇ ਸੰਘਰਸ਼ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਸੰਘਰਸ਼ੀ ਲੋਕਾਂ ਨੇ ਤੈਅ ਕਰ ਲਿਆ ਹੈ ਕਿ ਦਿੱਲੀ ਸੰਘਰਸ਼ ਉਦੋਂ ਹੀ ਸਮਾਪਤ ਕੀਤਾ ਜਾਵੇਗਾ ਜਦੋਂ ਤਿੰਨੋ ਕਾਲੇ ਕਾਨੂੰਨ, ਬਿਜਲੀ ਬਿੱਲ ਤੇ ਪ੍ਰਦੂਸ਼ਣ ਸਬੰਧੀ ਬਿੱਲ ਖ਼ਤਮ ਨਹੀਂ ਹੋ ਜਾਂਦੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune