ਯੂਰੀਆ ਖਾਦ ਆਉਣ ’ਤੇ ਕਿਸਾਨਾਂ ਤੇ ਪੱਲੇਦਾਰਾਂ ਨੂੰ ਮਿਲੀ ਰਾਹਤ

November 25 2020

ਕਣਕ ਲਈ ਯੂਰੀਆ ਦੀ ਪੈਦਾ ਹੋਈ ਘਾਟ ਅੱਜ ਉਸ ਵੇਲੇ ਪੂਰੀ ਹੋਣ ਦੇ ਆਸਾਰ ਬਣ ਗਏ ਜਦ ਵੱਡੀ ਪੱਧਰ ’ਤੇ ਖਾਦ ਮਾਨਸਾ ਪੁੱਜਣੀ ਆਰੰਭ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ। ਹੁਣ ਸੋਮਵਾਰ ਸ਼ਾਮ ਤੋਂ ਰੇਲਾਂ ਚੱਲਣ ਦੇ ਨਾਲ ਹੀ ਪੰਜਾਬ ਵਿੱਚ ਕਿਸਾਨਾਂ ਲਈ ਯੂਰੀਆ ਖਾਦ ਪੁੱਜਣੀ ਆਰੰਭ ਹੋ ਗਈ ਹੈ। ਮਾਨਸਾ ਵਿੱਚ ਖਾਦ ਦੀ ਇੱਕ ਰੇਲ ਗੱਡੀ ਸੋਮਵਾਰ ਸ਼ਾਮ ਹੀ ਪਹੁੰਚ ਗਈ ਸੀ, ਜਦਕਿ ਦੂਸਰੀ ਰੇਲ ਗੱਡੀ ਅੱਜ ਇਹ ਖਾਦ ਲੈ ਕੇ ਪੁੱਜੀ ਹੈ। ਦਰਅਸਲ ਕਿਸਾਨਾਂ ਲਈ ਕਣਕ ਦੀ ਫ਼ਸਲ ਦੇ ਫੁਟਾਰੇ ਵਾਸਤੇ ਪਹਿਲੀ ਵਾਰ ਪਾਣੀ ਲਾਉਣ ਵੇਲੇ ਇਸ ਖਾਦ ਦਾ ਖਿਲਾਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਤੇ ਮਾਲਵਾ ਖੇਤਰ ਦਾ ਕਿਸਾਨ ਹਰਿਆਣਾ ਵਿਚੋਂ ਮਹਿੰਗੇ ਭਾਅ ਉਤੇ ਕਈ ਦਿਨਾਂ ਤੋਂ ਇਸ ਨੂੰ ਖ਼ਰੀਦ ਰਿਹਾ ਸੀ। ਰੇਲ ਗੱਡੀਆਂ ਆਉਣ ਤੋਂ ਬਾਅਦ ਹੁਣ ਖਾਦ ਨੂੰ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਅਤੇ ਪ੍ਰਾਈਵੇਟ ਵਪਾਰੀਆਂ ਦੀਆਂ ਦੁਕਾਨਾਂ ’ਤੇ ਵੱਡੀ ਪੱਧਰ ਉਤੇ ਪਹੁੰਚਦਾ ਕੀਤਾ ਗਿਆ ਹੈ। ਖਾਦ ਡੀਲਰਾਂ ਨੇ ਅੱਜ ਆਪਣੇ ਪੱਕੇ ਗਾਹਕਾਂ ਨੂੰ ਪਿੰਡਾਂ ’ਚੋਂ ਬੁਲਾ ਕੇ ਫ਼ਟਾਫਟ ਖਾਦ ਚੁਕਵਾ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਸਟੋਰ ਕਰਨ ਵਿੱਚ ਕੋਈ ਤਕਲੀਫ਼ ਨਾ ਆਏ। ਪਿੰਡਾਂ ਵਿਚੋਂ ਵੱਡੀ ਪੱਧਰ ’ਤੇ ਕਿਸਾਨ ਟਰਾਲੀਆਂ ਰਾਹੀਂ ਖਾਦ ਨੂੰ ਆਪਣੇ ਘਰਾਂ ਨੂੰ ਲੈ ਗਏ ਹਨ ਤਾਂ ਜੋ ਕਿਸਾਨ ਅੰਦੋਲਨ ਦੌਰਾਨ ਖੇਤਾਂ ਖਾਦ ਤੋਂ ਵਾਂਝੇ ਨਾ ਰਹਿ ਜਾਣ। ਇਸੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਕਣਕ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਉਨ੍ਹਾਂ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਇਸ ਪਾਣੀ ਨੂੰ ਲਾਉਣ ਵੇਲੇ ਯੂਰੀਆ ਖਾਦ ਖਿਲਾਰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕਣਕ ਦਾ ਫੁਟਾਰਾ ਹੋ ਸਕੇ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੋੜ ਤੋਂ ਜ਼ਿਆਦਾ ਯੂਰੀਆ ਨਾ ਖਿਲਾਰਨ, ਸਗੋਂ ਇਸ ਨੂੰ ਸਹੀ ਮਾਤਰਾ ਵਿੱਚ ਪਾਕੇ ਝਾੜ ਵਧਾਉਣ ਦਾ ਉਪਰਾਲਾ ਕਰਨ।

ਖਾਦ ਆਉਣ ਨਾਲ ਪੱਲੇਦਾਰ-ਮਜ਼ਦੂਰਾਂ ਨੂੰ ਮਿਲਣ ਲੱਗਾ ਰੁਜ਼ਗਾਰ

ਖਾਦ ਦੇ ਆਉਣ ਨਾਲ ਲੰਮੇ ਸਮੇਂ ਤੋਂ ਵਿਹਲੇ ਬੈਠੇ ਪੱਲੇਦਾਰ-ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਣ ਲੱਗਾ ਹੈ ਤੇ ਉਹ ਅੱਜ ਬੋਰੀਆਂ ਢੋਂਦੇ ਖੁਸ਼ ਨਜ਼ਰ ਆਏ। ਅੱਜ ਤੜਕੇ ਤੋਂ ਲੈ ਕੇ ਦੇਰ ਆਥਣ ਤੱਕ ਲਗਭਗ ਡੇਢ ਲੱਖ ਬੋਰੀ ਇਨ੍ਹਾਂ ਮਜ਼ਦੂਰਾਂ ਵੱਲੋਂ ਟਰੱਕਾਂ ਤੇ ਟਰਾਲਿਆਂ ਵਿੱਚ ਲੱਦੀ ਗਈ ਹੈ। ਟਰੱਕਾਂ ਵਾਲਿਆਂ ਨੂੰ ਵੀ ਖਾਦ ਆਉਣ ਨਾਲ ਕੰਮ-ਕਾਰ ਦੇ ਪੱਖ ਤੋਂ ਰਾਹਤ ਮਿਲੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune