ਮੰਤਰੀ ਧਾਲੀਵਾਲ ਦਾ ਵੱਡਾ ਐਲਾਨ- ਨਰਮੇ ਤੇ ਆੜਤ ਫੀਸ 2.5 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ ਜਾਵੇਗੀ

August 31 2022

ਸਰਕਾਰ ਵਲੋਂ ਮਾਲਵਾ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਇਤਿਹਾਸਕ ਫੈਸਲਾ ਲੈਣ ਦਾ ਐਲਾਨ ਕੀਤਾ ਹੈ।ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਮਾਲਵੇ ਦੀ ਨਰਮਾ ਪੱਟੀ ਦਾ ਦੌਰੇ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ ਅਤੇ ਅੱਜ ਪੰਜਾਬ ਕਾਟਨ ਫੈਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ।ਅੱਜ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਲਾਭ ਦੇਣ ਲਈ ਨਰਮੇ ਤੇ ਆੜਤ ਫੀਸ 2.5 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ ਜਾਵੇਗੀ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੇ ਅਨੁਪਾਤ ਅਨੁਸਾਰ ਕਪਾਹ ਤੇ ਆੜਤ ਨਹੀਂ ਲਈ ਜਾ ਸਕਦੀ ਕਿਉਂਕਿ ਝੋਨੇ ਅਤੇ ਕਣਕ ਦੀ ਫਸਲ ਨੂੰ ਮੰਡੀ ਵਿਚ ਲਾਹੁਣ, ਸਫਾਈ, ਭਰਨ, ਤੋਲਣ ਅਤੇ ਢੋਆਈ ਆਦਿ ਤੇ ਕਈ ਖਰਚੇ ਆਉਂਦੇ ਹਨ, ਜਦਕਿ ਕਿਸਾਨਾਂ ਅਨੁਸਾਰ ਕਪਾਹ ਤੇ ਅਜਿਹੇ ਖਰਚੇ ਨਾ ਮਾਤਰ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਪਹਿਲਾਂ ਹੀ ਸਰਕਾਰ ਨੇ ਕਪਾਹ ਤੇ ਮਾਰਕੀਟ ਫੀਸ 2 ਫੀਸਦੀ ਤੋਂ ਘਟਾ ਕੇ 0.5 ਫੀਸਦੀ ਕਰ ਦਿੱਤੀ ਗਈ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਨਰਮਾ ਪੱਟੀ ਦੇ ਕਿਸਾਨ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆੜਤ ਘੱਟ ਕਰਨ ਦੇ ਫੈਸਲੇ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੇਗੀ।
ਇਸ ਤੋਂ ਇਲਾਵਾ ਪੰਜਾਬ ਕਾਟਨ ਫੈਟਰੀਜ਼ ਅਤੇ ਜਿਨਰਜ਼ ਐਸੋਸੀਏਸ਼ਨ ਵਲੋਂ ਖੇਤੀਬਾੜੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪਿਛਲੇ ਕੁਝ ਸਾਲਾਂ ਤੋਂ ਨਰਮੇ ਦੀ ਫਸਲ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਰਮਾ ਪੱਟੀ ਦੇ ਕਿਸਾਨ ਨਰਮੇ ਦੀ ਫਸਲ ਤੋਂ ਕਿਨਾਰਾ ਕਰਨ ਲੱਗੇ ਹਨ, ਜਿਸ ਦਾ ਮਾੜਾ ਅਸਰ ਕਾਟਨ ਫੈਕਟਰੀਆਂ ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਬਹੁਤ ਸਾਰੀਆਂ ਕਾਟਨ ਫੈਕਟਰੀਆਂ ਘਾਟੇ ਵਿਚ ਜਾਣ ਕਾਰਨ ਬੰਦ ਹੋਣ ਕਿਨਾਰੇ ਹਨ ਜਾ ਬੰਦ ਹੋ ਗਈਆਂ ਹਨ।ਉਨ੍ਹਾਂ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਮੁੜ ਤੋਂ ਉਤਸ਼ਾਹਿਤ ਕਰਨ ਲਈ ਹੋਰ ਕਿਸਾਨ ਹਿਤੈਸ਼ੀ ਫੈਸਲੇ ਲਏ ਜਾਣ।
ਉਨ੍ਹਾਂ ਖੇਤੀਬਾੜੀ ਮੰਤਰੀ ਨੂੰ ਆਪਣੀਆਂ ਵੱਖ ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਬਿਜਲੀ ਬੋਰਡ ਵਲੋਂ ਉਨ੍ਹਾਂ ਤੋਂ ਫਿਕਸ ਚਾਰਜ਼ ਲਏ ਜਾਂਦੇ ਹਨ ਜੋ ਵਾਜ਼ਬ ਨਹੀਂ।ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਬੰਧੀ ਮੌਕੇ ਤੇ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ, ਜਿੰਨਾਂ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਸਕਰਾਤਮਕ ਹੱਲ ਕੱਢਿਆ ਜਾਵੇਗਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Daily Post