ਮੰਡੀਆਂ ਵਿੱਚ ਭਰਿਆ ਪਾਣੀ, ਕਿਸਾਨਾਂ ਦੀ ਉਲਝੀ ਤਾਣੀ

April 24 2021

ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਵਿਗੜੇ ਮੌਸਮ ਦੇ ਮਿਜਾਜ਼ ਅਤੇ ਬਾਰਿਸ਼ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ। ਬੀਤੀ ਰਾਤ ਅਤੇ ਅੱਜ ਸਵੇਰੇ ਕੁਝ ਸਮੇਂ ਲਈ ਹੋਈ ਭਰਵੀਂ ਵਰਖਾ ਕਾਰਨ ਕਣਕ ਦੀ ਕਟਾਈ ਅਤੇ ਵਾਢੀ ਦਾ ਕੰਮ ਅੱਜ ਲੱਗਭੱਗ ਠੱਪ ਹੋ ਕੇ ਰਹਿ ਗਿਆ। ਸ਼ਹਿਰ ਦੀ ਕੱਚੀ ਮੰਡੀ ਵਿਚ ਪਾਣੀ ਭਰ ਗਿਆ। ਇਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ।

ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੀ ਖਰਾਬੀ ਅਤੇ ਹੋਈ ਵਰਖਾ ਨੇ ਕਣਕ ਦੀ ਕਟਾਈ ਤੇ ਕਢਾਈ ਦੇ ਕੰਮ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਕਿਸਾਨਾਂ ਵੱਲੋਂ ਖੇਤਾਂ ਵਿੱਚ ਵੱਢ ਕੇ ਕੱਢਣ ਲਈ ਰੱਖੀ ਕਣਕ ਦੀ ਫਸਲ ਕਾਫੀ ਨੁਕਸਾਨੀ ਗਈ ਹੈ। ਪਰਵਾਸੀ ਮਜ਼ਦੂਰਾਂ ਦੀ ਘਾਟ ਵੀ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ ਜਦਕਿ ਮੌਸਮ ਦੀ ਮਾਰ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਸ਼ਹਿਰ ਦੀ ਬਡਾਲੀ ਰੋਡ ਦੀ ਆਰਜ਼ੀ ਮੰਡੀ ਦੇ ਫੜ੍ਹ ਕੱਚੇ ਹੋਣ ਕਾਰਨ ਕਣਕ ਦੀ ਫਸਲ ਮਿੱਟੀ ਵਿੱਚ ਰੁਲ ਰਹੀ ਹੈ। ਬਾਰਿਸ਼ ਹੋਣ ਕਾਰਨ ਇੱਥੇ ਪੁੱਜ ਕਣਕ ਦੀ ਫਸਲ ਅਤੇ ਭਰੀਆਂ ਕਣਕ ਦੀਆਂ ਬੋਰੀਆਂ ਬਾਰਿਸ਼ ਵਿੱਚ ਭਿੱਜਦੀਆਂ ਰਹੀਆਂ। ਕਣਕ ਦੀਆਂ ਢੇਰੀਆਂ ਤੇ ਬੋਰੀਆਂ ਦੇ ਹੋਏ ਨੁਕਸਾਨ ਤੋਂ ਇਲਾਵਾ ਬਾਰਿਸ਼ ਦਾ ਪਾਣੀ ਕੱਚੇ ਫੜ੍ਹ ਵਾਲੀ ਮੰਡੀ ਵਿੱਚ ਪਈਆਂ ਹਜ਼ਾਰਾਂ ਬੋਰੀਆਂ ਥੱਲੇ ਖੜ੍ਹ ਗਿਆ। ਇਸ ਕਾਰਨ ਬੋਰੀਆਂ ਵਿੱਚ ਭਰੀ ਫ਼ਸਲ ਵੀ ਨੁਕਸਾਨੀ ਗਈ। ਕਾਮਿਆਂ ਨੂੰ ਬੋਰੀਆਂ ਥੱਲਿਓਂ ਪਾਣੀ ਕੱਢਣ ਅਤੇ ਕੱਚੇ ਫੜ੍ਹ ਨੂੰ ਮੁੜ ਚਾਲੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਕਿਸਾਨ ਹਰਪਾਲ ਸਿੰਘ, ਰਾਮ ਸਿੰਘ, ਸੱਜਣ ਸਿੰਘ, ਕੁਲਵੰਤ ਸਿੰਘ ਅਤੇ ਆੜ੍ਹਤੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਅਨਾਜ ਮੰਡੀ ਬਣਾਏ ਜਾਣ ਦੀ ਮੰਗ ਕਰ ਰਹੇ ਹਨ ਪਰ ਦਹਾਕਿਆਂ ਬਾਅਦ ਸ਼ੁਰੂ ਹੋਇਆ ਨਵੀਂ ਅਨਾਜ ਮੰਡੀ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਹਾਲੇ ਵੀ ਕਿਸਾਨਾਂ ਨੂੰ ਕੱਚੇ ਫੜ੍ਹਾਂ ਵਾਲੀ ਮੰਡੀ ਵਿੱਚ ਹੀ ਫਸਲ ਸੁੱਟਣੀ ਪੈ ਰਹੀ ਹੈ। ਆੜ੍ਹਤੀਆਂ ਅਤੇ ਕਿਸਾਨਾਂ ਨੇ ਸ਼ਹਿਰ ਵਿਚ ਅਤਿ ਆਧੁਨਿਕ ਸਹੂਲਤਾਂ ਵਾਲੀ ਅਨਾਜ ਮੰਡੀ ਬਣਾਏ ਜਾਣ ਦੀ ਮੰਗ ਕੀਤੀ ਹੈ।

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸ਼ਹਿਰ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸੇ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਬਾਰਦਾਨੇ ਦੀ ਘਾਟ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕੌਂਸਲਰ ਰਮਾਕਾਂਤ ਕਾਲੀਆ ਅਤੇ ਹੋਰ ਵੀ ਹਾਜ਼ਰ ਸਨ।

ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੇ ਬੀਤੀ ਰਾਤ ਅਤੇ ਅੱਜ ਸਵੇਰੇ ਹੋਈ ਬਾਰਿਸ਼ ਕਾਰਨ ਬਨੂੜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੀਆਂ ਢੇਰੀਆਂ ਭਿੱਜ ਗਈਆਂ। ਲਿਫ਼ਟਿੰਗ ਦੀ ਬੇਹੱਦ ਸੁਸਤ ਰਫ਼ਤਾਰ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਭਾਵੇਂ ਜ਼ਿਆਦਾਤਰ ਆੜ੍ਹਤੀਆਂ ਨੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੀ ਹੋਈ ਕਣਕ ਦੀਆਂ ਬੋਰੀਆਂ ਨੂੰ ਤਰਪਾਲਾਂ ਨਾਲ ਢਕ ਕੇ ਮੀਂਹ ਤੋਂ ਬਚਾਇਆ ਹੋਇਆ ਸੀ ਪਰ ਕਈਂ ਥਾਵਾਂ ਉੱਤੇ ਬੋਰੀਆਂ ਬਿਨਾਂ ਢਕੀਆਂ ਹੀ ਪਈਆਂ ਸਨ। ਆੜ੍ਹਤੀਆਂ ਦਾ ਕਹਿਣਾ ਸੀ ਕਿ ਬੋਰੀਆਂ ਨੂੰ ਢਕ ਦਿੱਤਾ ਗਿਆ ਸੀ ਤੇ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ। ਕਮੇਟੀ ਦੇ ਅੰਕੜਿਆਂ ਅਨੁਸਾਰ ਸਮੁੱਚੀਆਂ ਏਜੰਸੀਆਂ ਦੀ ਇੱਕ ਲੱਖ ਦੇ ਕਰੀਬ ਬੋਰੀ ਮੰਡੀ ਵਿੱਚ ਲਿਫ਼ਟਿੰਗ ਦੀ ਉਡੀਕ ਕਰ ਰਹੀ ਹੈ। ਮੀਂਹ ਕਾਰਨ ਅੱਜ ਮੰਡੀ ਵਿੱਚ ਕਣਕ ਦੀ ਆਮਦ ਨਹੀਂ ਹੋਈ ਅਤੇ ਨਾ ਹੀ ਕਿਸੇ ਏਜੰਸੀ ਵੱਲੋਂ ਅੱਜ ਲਿਫਟਿੰਗ ਕੀਤੀ ਗਈ।

ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਸਵੇਰੇ ਮੀਂਹ ਪੈਣ ਨਾਲ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਬਦ-ਇੰਤਜ਼ਾਮੀ ਦੀ ਪੋਲ ਖੁੱਲ੍ਹ ਗਈ। ਬਾਰਸ਼ ਨਾਲ ਬੋਰੀਆਂ ਵਿਚ ਭਰੀ ਹੋਈ ਹਜਾਰਾਂ ਟਨ ਕਣਕ ਮੰਡੀ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਮੰਡੀ ਵਿਚਲੇ ਕੁਪ੍ਰਬੰਧਾਂ ਤੇ ਢਿੱਲੀ ਕਾਰਵਾਈ ਦੀ ਭੇਟ ਚੜ੍ਹ ਗਈ। ਭਰੀਆਂ ਹੋਈਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਭਿਜ ਗਈਆਂ।

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦੁਨੀ ਚੰਦ ਦਾਨੀਪੁਰ ਨੇ ਦੱਸਿਆ ਕਿ ਮੰਡੀ ਵਿਚ ਕਣਕ ਸੰਭਾਲਣ ਦੀ ਜ਼ਿੰਮੇਵਾਰੀ ਸਰਕਾਰੀ ਖਰੀਦ ਏਜੰਸੀ ਦੀ ਹੈ ਜਿਸ ਨੇ ਭਰੀਆਂ ਬੋਰੀਆਂ ਦੀ ਚੁਕਾਈ ਨਹੀਂ ਕੀਤੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: punjabitribuneonline