ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ

November 18 2020

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਦੇ ਮੁੱਖ ਯਾਰਡਾਂ ਨੂੰ ਛੱਡ ਕੇ ਬਾਕੀ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦਦਾਰੀ ਬੰਦ ਕਰਨ ਦੇ ਹੁਕਮਾਂ ਕਾਰਨ ਕਿਸਾਨਾਂ ਦੇ ਸਾਹ ਸੂਤ ਗਏ ਹਨ। ਰੂਪਨਗਰ ਜ਼ਿਲ੍ਹੇ ਅੰਦਰ ਬਹੁਤ ਸਾਰੇ ਕਿਸਾਨਾਂ ਦੀ ਫਸਲ ਹਾਲੇ ਖੇਤਾਂ ਵਿੱਚ ਖੜ੍ਹੀ ਹੈ।

ਪੱਤਰਕਾਰਾਂ ਨੂੰ ਆਪਣੇ ਖੇਤਾਂ ਵਿੱਚ ਖੜ੍ਹੀ ਫਸਲ ਦਿਖਾਉਂਦਿਆਂ ਨੇੜਲੇ ਪਿੰਡ ਘਨੌਲਾ ਦੇ ਕਿਸਾਨ ਮੇਵਾ ਸਿੰਘ ਨੇ ਦੱਸਿਆ ਕਿ ਉਸ ਕੋਲ ਤਿੰਨ ਏਕੜ ਰਕਬਾ ਆਪਣਾ ਹੈ ਅਤੇ 20 ਏਕੜ ਜ਼ਮੀਨ ਉਸ ਨੇ ਠੇਕੇ ’ਤੇ ਲਈ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੇ 20 ਏਕੜ ਰਕਬੇ ਵਿੱਚ ਝੋਨਾ ਬੀਜਿਆ ਸੀ, ਜਿਸ ਵਿੱਚੋਂ ਉਹ 15 ਏਕੜ ਰਕਬੇ ਦੀ ਫਸਲ ਮੰਡੀ ਵਿੱਚ ਵੇਚ ਚੁੱਕਾ ਹੈ ਅਤੇ ਬਾਕੀ ਦੀ ਫਸਲ ਦੀ ਕਟਾਈ ਦਾ ਕੰਮ ਜਾਰੀ ਹੈ। ਉਸ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਮਜ਼ਦੂਰਾਂ ਦੀ ਕਮੀ ਦੇ ਚੱਲਦਿਆਂ ਪਹਿਲਾਂ ਤਾਂ ਉਸ ਨੂੰ ਝੋਨਾ ਬੀਜਣ ਵੇਲੇ ਦੁੱਗਣੀ ਕੀਮਤ ਅਦਾ ਕਰਨੀ ਪਈ ਸੀ ਤੇ ਇਸੇ ਕਾਰਨ ਝੋਨੇ ਦੀ ਲਵਾਈ ਵੀ ਲੇਟ ਹੋ ਗਈ ਸੀ ਅਤੇ ਹੁਣ ਫਸਲ ਦੀ ਕਟਾਈ ਵੇਲੇ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਕਰਵਾਏ ਜਾ ਰਹੇ ਪਰਚਿਆਂ ਦੇ ਡਰ ਕਾਰਨ ਉਸ ਨੂੰ ਫਸਲ ਦੀ ਕਟਾਈ ਵੀ ਕੰਬਾਈਨਾਂ ਰਾਹੀਂ ਕਰਵਾਉਣ ਦੀ ਬਜਾਏ ਮਜ਼ਦੂਰਾਂ ਰਾਹੀਂ ਕਰਵਾਉਣੀ ਪੈ ਰਹੀ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਘੱਟੋ ਘੱਟ 30 ਨਵੰਬਰ ਤੱਕ ਜਾਰੀ ਰੱਖਿਆ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune