ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ

April 27 2021

ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀ ਦਾਣਾ ਮੰਡੀ ਲਾਲੜੂ, ਤਸਿੰਬਲੀ ਅਤੇ ਜੜੌਤ ਵਿੱਚ ਬਾਰਦਾਨੇ ਦੀ ਸਪਲਾਈ ਬਹਾਲ ਹੋਣ ਤੋਂ ਬਾਅਦ ਹੁਣ ਲਿਫਟਿੰਗ ਲਈ ਲੇਬਰ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਦਾਣਾ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ ਅਤੇ ਟਰਾਂਸਪੋਰਟਰ, ਕਿਸਾਨ ਤੇ ਆੜ੍ਹਤੀ ਖੱਜਲ ਖੁਆਰ ਹੋ ਰਹੇ ਹਨ। 

 ਜਾਣਕਾਰੀ ਮੁਤਾਬਿਕ ਵੱਖ ਵੱਖ ਮੰਡੀਆਂ ਤੋਂ ਆਈ ਕਣਕ ਦੀਆਂ ਟਰਾਲੀਆਂ ਖਾਲੀ ਕਰਨ ਲਈ ਲੇਬਰ ਨਹੀਂ ਹੈ। ਟਰਾਲੀ ਡਰਾਈਵਰ ਹਰਮੀਤ ਸਿੰਘ ਨੇ ਦੱਸਿਆ ਕਿ 22 ਅਪਰੈਲ ਨੂੰ ਹੋਈ ਬਰਸਾਤ ਤੋਂ ਬਾਅਦ ਉਹ ਅਤੇ ਉਸ ਦਾ ਡਰਾਈਵਰ ਜੜੌਤ ਦਾਣਾ ਮੰਡੀ ਤੋਂ ਮਾਰਕਫੈੱਡ ਖਰੀਦ ਏਜੰਸੀ ਦੀ ਕਣਕ ਦੀਆਂ ਛੇ ਟਰਾਲੀਆਂ ਲੈ ਕੇ ਆਏ ਸਨ, ਜਿਸ ਦੇ ਲਾਲੜੂ ਦੀ ਦਾਣਾ ਮੰਡੀ ਵਿੱਚ ਚੱਠੇ ਲੱਗਣੇ ਸਨ ਪਰ ਲੇਬਰ ਨਾ ਹੋਣ ਕਾਰਨ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਟਰਾਲੀਆਂ ਖਾਲੀ ਨਹੀਂ ਹੋਇਆਂ। ਇਸ ਨੂੰ ਲੈ ਕੇ ਡਰਾਈਵਰਾਂ ਨੂੰ ਵਿੱਤੀ ਪੱਖੋਂ ਵੀ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾ ਨੂੰ ਵਿਹਲੇ ਬੈਠ ਕੇ ਖਰਚਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਦਾਣਾ ਮੰਡੀ ਦੇ ਫੜ੍ਹ ’ਤੇ ਬੋਰੀਆਂ ਦਾ ਹੜ੍ਹ ਆਇਆ ਹੋਇਆ ਹੈ, ਕਿਤੇ ਵੀ ਪੈਰ ਨਾ ਰੱਖਣ ਨੂੰ ਥਾਂ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਔਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਮਾਰਕਫੈੱਡ ਦੇ ਮੈਨੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਇਹ ਸਮੱਸਿਆ ਆਈ ਸੀ, ਜਿਸ ਦਾ ਪ੍ਰਬੰਧ ਕਰ ਲਿਆ ਗਿਆ ਹੈ, ਛੇਤੀ ਹੀ ਕਣਕ ਦੀ ਉਤਰਾਈ ਦਾ ਕੰਮ ਸੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਬਰਸਾਤ ਹੋਣ ਤੋਂ ਬਾਅਦ ਕਣਕ ਦੀ ਬੋਰੀਆਂ ਭਿੱਜ ਗਈਆਂ, ਜਿਸ ਕਾਰਨ ਵੀ ਉਤਰਾਈ ਵਿੱਚ ਸਮਾਂ ਲੱਗ ਰਿਹਾ ਹੈ। 

ਲਿਫਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਆੜ੍ਹਤੀਆਂ ਵੱਲੋਂ ਧਰਨਾ

ਇੱਥੋਂ ਦੀ ਅਨਾਜ ਮੰਡੀ ਵਿਚ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਦੀ ਧੀਮੀ ਗਤੀ ਤੋਂ ਪ੍ਰੇਸ਼ਾਨ ਆੜ੍ਹਤੀਆਂ ਨੇ ਅੱਜ ਇੱਥੋਂ ਦੀ ਅਨਾਜ ਮੰਡੀਆਂ ਵਿੱਚ ਆੜ੍ਹਤੀਆਂ ਨੇ ਰੋਸ ਧਰਨਾ ਦਿੱਤਾ। ਧਰਨੇ ਵਿੱਚ ਪ੍ਰਧਾਨ ਨਰਿੰਦਰ ਸ਼ਰਮਾ, ਅੰਮ੍ਰਿਤਪਾਲ ਸਿੰਘ, ਵਿਸ਼ਨੂੰ ਮਿੱਤਲ, ਨਰਿੰਦਰ ਅਗਰਵਾਲ, ਨਰੇਸ਼ ਗਰਗ ਤੇ ਸ਼ਾਮਲਾਲ ਮਿੱਤਲ ਆਦਿ ਸ਼ਾਮਲ ਹੋਏ। ਇਸ ਸਬੰਧੀ ਆੜ੍ਹਤੀਆਂ ਨੇ ਦੱਸਿਆ ਕਿ ਖਰੜ ਦੀ ਅਨਾਜ ਮੰਡੀ ਵਿੱਚ 11 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਸੀ ਪਰ ਲਿਫਟਿੰਗ ਨਾਮਾਤਰ ਹੀ ਹੈ। ਆੜ੍ਹਤੀ ਆਗੂਆਂ ਕਿਹਾ ਕਿ ਮੰਡੀ ਵਿਚ ਬਾਰਦਾਨੇ ਦੀ ਬਹੁਤ ਕਿੱਲਤ ਹੈ। ਖਰੀਦੀ ਹੋਈ ਕਣਕ 24 ਘੰਟਿਆਂ ਦੇ ਅੰਦਰ ਚੁੱਕਣੀ ਹੁੰਦੀ ਹੈ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਥਾਂ ਦੀ ਇੰਨੀ ਕਮੀ ਹੈ ਕਿ ਆੜ੍ਹਤੀ ਆਪਣੇ ਖਰਚੇ ’ਤੇ ਕਣਕ ਦੀਆਂ ਢਾਂਗਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਪਹਿਲਾਂ ਖਰੀਦ, ਫਿਰ ਭਰਾਈ ਅਤੇ ਫਿਰ ਲਿਫਟਿੰਗ ਸਮੇਂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: punjabitribuneonline