ਮੋਰਿੰਡਾ-ਚੁੰਨੀ ਚੌਕ ’ਤੇ ਧਰਨਾ

December 09 2020

ਅੱਜ ਮੋਰਿੰਡਾ ਇਲਾਕੇ ਦੇ ਕਿਸਾਨਾਂ ਨੇ ਮੋਰਿੰਡਾ-ਚੁੰਨੀ ਚੌਕ ਵਿੱਚ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਪੂਰੇ ਦੇਸ਼ ਦਾ ਮਸਲਾ ਬਣ ਗਿਆ ਹੈ। ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਤੇ ਪੰਜਾਬ ਦੇ ਜੁਝਾਰੂ ਕਿਸਾਨ ਮੋਦੀ ਸਰਕਾਰ ਦਾ ਹੰਕਾਰ ਤੋੜਨ ਦਾ ਪੁਰਜ਼ੋਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਤਾਂ ਪੰਜਾਬ ਦੀ ਆਰਥਿਕਤਾ ਖਤਮ ਹੋ ਜਾਵੇਗੀ। ਇਸੇ ਮੌਕੇ ਡਾ. ਚਰਨਜੀਤ ਸਿੰਘ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਜਥੇਦਾਰ ਹਰਬੰਸ ਸਿੰਘ ਕੰਧੋਲਾ ਅਤੇ ਅੰਮ੍ਰਿਤਪਾਲ ਸਿੰਘ ਖੱਟੜਾ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਹੁਣ ਆਰ-ਪਾਰ ਦੀ ਲੜਾਈ ਹੋ ਗਈ ਹੈ ਤੇ ਸਭਨਾਂ ਨੂੰ ਦਿੱਲੀ ਜਾ ਕੇ ਕਿਸਾਨਾਂ ਦੇ ਨਾਲ ਬੈਠਣਾ ਚਾਹੀਦਾ ਹੈ। ਧਰਨੇ ਵਿੱਚ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ, ਅਕਾਲੀ ਦਲ (1920), ਕਾਂਗਰਸ ਅਤੇ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਵੀ ਮੌਜੂਦ ਸਨ। ਇਸ ਦੌਰਾਨ ਪਿੰਡ ਸੰਘੋਲ ਵਿਚ ਵੀ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਪਿੰਡ ਵਿੱਚ ਸਾਰੀਆਂ ਦੁਕਾਨਾਂ ਬੰਦ ਸਨ।

ਮੋਦੀ, ਸ਼ਾਹ ਤੇ ਤੋਮਰ ਦੇ ਪੁਤਲੇ ਸਾੜੇ: ਅੱਜ ਇਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਸਾਂਝਾ ਪੁਤਲਾ ਫੂਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਵਿਜੇ ਸ਼ਰਮਾ ਟਿੰਕੂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਮੋਦੀ ਸਰਕਾਰ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਪੰਜਾਬ ਦੇ ਲੋਕ ਸਰਕਾਰ ਦਾ ਹੰਕਾਰ ਤੋੜ ਕੇ ਹੀ ਦਮ ਲੈਣਗੇ।

ਰੂਪਨਗਰ ਇਲਾਕੇ ’ਚ ਵਪਾਰਕ ਤੇ ਵਿਦਿਅਕ ਅਦਾਰੇ ਰਹੇ ਬੰਦ

ਭਾਰਤ ਬੰਦ ਦੇ ਸੱਦੇ ਨੂੰ ਅੱਜ ਰੂਪਨਗਰ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਵਪਾਰਕ ਤੇ ਵਿਦਿਅਕ ਅਦਾਰੇ ਮੁਕੰਮਲ ਬੰਦ ਰਹੇ ਅਤੇ ਸਰਕਾਰੀ ਮੁਲਜ਼ਮਾਂ ਅਤੇ ਵਕੀਲਾਂ ਵੱਲੋਂ ਵੀ ਹੜਤਾਲ ਕੀਤੀ ਗਈ। ਇਸੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿੰਡ ਰੰਗੀਲਪੁਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਟੈਂਪੂ ਯੂਨੀਅਨ ਵੱਲੋਂ ਨਿਰੰਕਾਰੀ ਭਵਨ ਦੇ ਕੋਲ ਮੁਜ਼ਾਹਰਾ ਕੀਤਾ ਗਿਆ, ਸ਼ੇਰੇ ਪੰਜਾਬ ਟੈਕਸੀ ਸਟੈਂਡ ਵੱਲੋਂ ਵੀ ਮੁਜ਼ਾਹਰੇ ਕੀਤੇ ਗਏ। ਇਸੇ ਤਰ੍ਹਾਂ ਪਿੰਡ ਸਿੰਘ-ਭਗਵੰਤਪੁਰ ਟੀ-ਪੁਆਇੰਟ, ਸਾਲਾਪੁਰ ਚੌਕ ਤੇ ਪੁਰਖਾਲੀ ਵਿੱਚ ਵੀ ਧਰਨੇ ਦਿੱਤੇ ਗਏ ਅਤੇ ਚੱਕਾ ਜਾਮ ਕੀਤਾ ਗਿਆ। ਨਗਰ ਕੌਂਸਲ ਦਫਤਰ ਦੇ ਕੋਲ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਕਿਸਾਨਾਂ ਨੇ ਰੋਡ ਜਾਮ ਦੌਰਾਨ ਕਾਲੇ ਕਾਨੂੰਨਾਂ ਵਾਪਸ ਲੈਣ ਦਾ ਸੁਨੇਹਾ ਦੇਣ ਵਾਲੀਆਂ ਤਖਤੀਆਂ ਹੱਥਾਂ ਵਿਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮਗਰੋਂ ਸ਼ਾਮ ਨੂੰ ਰੂਪਨਗਰ ਸ਼ਹਿਰ ਅੰਦਰ ਮੋਮਬੱਤੀ ਮਾਰਚ ਕੀਤਾ ਗਿਆ। ਪਿੰਡ ਰੰਗੀਲਪੁਰ ਵਿਚ ਕੁਝ ਅੰਦੋਲਨਕਾਰੀਆਂ ਨੇ ਮੀਡੀਆ ਕਰਮੀਆਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ। ਧਰਨਿਆਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਚਰਨ ਸਿੰਘ ਮੁੰਡੀਆਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਨਾਮ ਸਿੰਘ ਜਟਾਣਾ, ਤਰਲੋਚਨ ਸਿੰਘ ਹੁਸੈਨਪੁਰ, ਰੁਪਿੰਦਰ ਸਿੰਘ ਰੂਪਾ, ਕਾਮਰੇਡ ਗੁਰਦੇਵ ਸਿੰਘ ਬਾਗੀ, ਆਦਿ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune