ਮੋਦੀ ਸਰਕਾਰ ਅਨਾਜ ਨੂੰ ਵੀ ਕਾਰਪੋਰੇਟਾਂ ਦੇ ‘ਬੈਰੀਗੇਟ’ ਅੰਦਰ ਬੰਦ ਕਰਨਾ ਚਾਹੁੰਦੀ ਹੈ

February 03 2021

ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨੂੰ ‘ਇਕ ਫ਼ੋਨ ਕਾਲ’ ਦੀ ਦੂਰੀ ’ਤੇ ਦੱਸ ਰਹੀ ਹੈ, ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਅੰਦਰ ਦਾਖ਼ਲੇ ਨੂੰ ਰੋਕਣ ਲਈ ਨੌਕੀਲੇ ਸਰੀਏ ਅਤੇ ਕੰਕਰੀਟ ਦੀਆਂ ਦੀਵਾਰਾਂ ਖੜ੍ਹੀਆਂ ਕਰ ਰਹੀ ਹੈ। ਸਰਕਾਰ ਦੀਆਂ ਤਿਆਰੀਆਂ ਉਸ ਦੇ ਇਰਾਦਿਆਂ ਦੀ ਗਵਾਹੀ ਭਰ ਰਹੀਆਂ ਹਨ। ਕਿਸਾਨੀ ਸੰਘਰਸ਼  ਦੇ ਖਾਸ ਚਿਹਰੇ ਵਜੋਂ ਉਭਰੇ ਕਿਸਾਨ ਆਗੂ ਰਾਕੇਸ਼ ਟਕੈਤ ਦਾ ਕਹਿਣਾ ਹੈ ਕਿ ਇਹ ਸਖ਼ਤ ਬੈਰੀਕੇਟ ਸਰਕਾਰ ਦੇ ਉਨ੍ਹਾਂ ਇਰਾਦਿਆਂ ਦੀ ਗਵਾਹੀ ਭਰਦੇ ਹਨ, ਜਿਸ ਦੇ ਤਹਿਤ ਉਹ ਅਨਾਜ ਨੂੰ ਵੀ ਆਮ ਜਨਤਾ ਦੀ ਪਹੁੰਚ ਤੋਂ ਦੂਰ ਕਰ ਕੇ ਅਪਣੇ ਕਾਰਪੋਰੇਟ ਜੋਟੀਦਾਰਾਂ ਦੇ ਬੈਰੀਗੇਟ-ਨੁਮਾ ਮਜ਼ਬੂਤ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਭੁੱਖੀ ਕੁਰਲਾਉਂਦੀ ਰਹੇਗੀ ਜਦਕਿ ਵਪਾਰੀ ਅਨਾਜ ਨੂੰ ਅਪਣੇ ਗੁਦਾਮਾਂ ਵਿਚ ਬੰਦ ਕਰ ਕੇ ਰੱਖੀ ਰੱਖੇਗਾ ਅਤੇ ਫਿਰ ਮਨਮਰਜ਼ੀ ਦੇ ਰੇਟਾਂ ’ਤੇ ਬਾਹਰ ਕੱਢੇਗਾ।

ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਸਨਮਾਨ ਦੀ ਰਖਵਾਲੀ ਕਰਦਿਆਂ ਵਿਚ ਦਾ ਰਸਤਾ ਕੱਢਣ ਸਬੰਧੀ ਦਿੱਤੇ ਬਿਆਨ ਦੇ ਕੱਢੇ ਜਾ ਰਹੇ ਅਰਥਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਪ੍ਰਧਾਨ ਮੰਤਰੀ ਗੱਲਬਾਤ ਨੂੰ ਇਕ ਫ਼ੋਨ ਕਾਲ ਦੀ ਦੂਰੀ ’ਤੇ ਕਹਿ ਰਹੇ ਸਨ ਜਿਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ ਤੇ ਉਹ ਕਾਨੂੰਨ ਵਾਪਸ ਲੈਣ ਲਈ ਤਿਆਰ ਹੋ ਗਏ ਹੋਣ। ਇਸੇ ਲਈ ਅਸੀਂ ਕਿਹਾ ਸੀ ਕਿ ਅਸੀਂ ਵੀ ਗੱਲਬਾਤ ਲਈ ਤਿਆਰ ਹਾਂ ਅਤੇ  ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿਉ।

ਵਿਚ ਦੇ ਰਸਤੇ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਕੁੱਝ ਨਹੀਂ ਹੈ, 31 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਜੋ ਵੀ ਫ਼ੈਸਲਾ ਕਰੇਗਾ, ਉਹੀ ਉਸ ਦੀ ਰਾਏ ਹੋਵੇਗੀ। ਭਾਜਪਾ ਨਾਲ ਬੀਤੇ ਸਮੇਂ ’ਚ ਚੰਗੇ ਸਬੰਧਾਂ ਦੇ ਸੰਦਰਭ ਵਿਚ ਵਿਚ ਦੇ ਰਸਤੇ ਦੇ ਕੀ ਮਾਇਨੇ ਹੋ ਸਕਦੇ ਹਨ, ਸਬੰਧੀ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਤੋਂ ਪਹਿਲਾਂ ਉਨ੍ਹਾਂ ਦੇ ਭਾਰਤ ਸਰਕਾਰ ਨੇ ਕਈ ਮੁੱਦਿਆਂ ’ਤੇ ਗੱਲਬਾਤ ਹੁੰਦੀ ਰਹੀ ਹੈ। ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ, ਜਦੋਂ ਕਿਸਾਨਾਂ ਦੀ ਕੋਈ ਸਮੱਸਿਆ ਹੋਵੇਗੀ ਤਾਂ ਇਨ੍ਹਾਂ ਨਾਲ ਗੱਲ ਤਾਂ ਕਰਨੀ ਹੀ ਪਵੇਗੀ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ ਤਾਂ ਅਸੀਂ ਉਨ੍ਹਾਂ ਨਾਲ ਵੀ ਗੱਲ ਕਰਦੇ ਸਾਂ। ਪਰ ਜੋ ਵੀ ਮੁੱਖ ਮੰਤਰੀ ਹੁੰਦਾ ਹੈ, ਉਹ ਇਹੀ ਮੰਨਦਾ ਹੈ ਕਿ ਰਾਕੇਸ਼ ਟਿਕੈਤ ਸਾਡਾ ਹੈ। ਪਰ ਅਸੀਂ ਕਿਸੇ ਦੇ ਵੀ ਨਹੀਂ ਹਾਂ, ਸਰਕਾਰਾਂ ਦੀ ਜਿਹੜੀ ਵੀ ਗ਼ਲਤ ਨੀਤੀ ਹੋਵੇਗੀ, ਅਸੀਂ ਉਸ ਦਾ ਵਿਰੋਧ ਜ਼ਰੂਰ ਕਰਾਂਗੇ। ਇਸ ਲਈ ਭਾਵੇਂ ਸਾਨੂੰ ਅੰਦੋਲਨ ਵੀ ਕਰਨਾ ਪਵੇ, ਮਸਲੇ ਦੇ ਹੱਲ ਲਈ ਅਸੀਂ ਸਰਕਾਰਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਉਨ੍ਹਾਂ ਕਿਹਾ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਕਈ ਵਾਰੀ ਮਿਲੇ ਅਤੇ ਕਈ ਮਸਲਿਆਂ ਦਾ ਹੱਲ ਕਰਵਾਇਆ ਸੀ।

ਅਜੋਕੇ ਅੰਦੋਲਨ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਾਂ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਨਾਲ ਗੱਲਬਾਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਸਾਡੀ ਕਿਸੇ ਨਾਲ ਕੋਈ ਗੱਲਬਾਤ ਜਾਂ ਮਿਲਣੀ ਨਹੀਂ ਹੋਈ।  ਇਸ ਅੰਦੋਲਨ ਬਾਰੇ ਜੋ ਵੀ ਗੱਲਬਾਤ ਜਾਂ ਮਿਲਣੀ ਹੋਵੇਗੀ, ਉਹ ਸਮੂਹ ਜਥੇਬੰਦੀਆਂ ਦੀ ਸਹਿਮਤੀ ਨਾਲ ਹੀ ਹੋਵੇਗੀ। ਅੱਗੇ ਦੀ ਰਣਨੀਤੀ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਸਲੇ ਦੇ ਹੱਲ ਲਈ ਪਹਿਲਾਂ ਵਾਂਗ ਹੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਪਵੇਗੀ।

ਭਾਜਪਾ ਅਤੇ ਕਿਸਾਨਾਂ ਵਿਚੋਂ ਕਿਸੇ ਇਕ ਨੂੰ ਚੁਣੇ ਜਾਣ ਦੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਹਮੇਸ਼ਾ ਕਿਸਾਨ ਨੂੰ ਹੀ ਚੁਣਨਗੇੇ। ਰਹੀ ਗੱਲ ਵੋਟ ਦੇ ਅਧਿਕਾਰ ਦੀ, ਉਹ ਤੁਹਾਡਾ ਨਿੱਜੀ ਮਸਲਾ ਹੁੰਦਾ ਹੈ। ਮੇਰੀ ਘਰਵਾਲੀ ਨੇ ਕਿਸੇ ਹੋਰ ਨੂੰ ਵੋਟ ਪਾਈ ਤੇ ਮੈਂ ਕਿਸੇ ਹੋਰ ਨੂੰ। ਇਸ ਲਈ ਅਸੀਂ ਕਦੇ ਵੀ ਕਿਸੇ ਇਕ ਸਿਆਸੀ ਧਿਰ ਨਾਲ ਜੁੜਨਾ ਜਾਂ ਉਸ ਦਾ ਹੋਣਾ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਅਤੇ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਰਹਾਂਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman