ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

September 21 2020

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਖੇਤੀ ਸਬੰਧੀ ਦੋ ਬਿੱਲ ਪਾਸ ਹੋਣ ਨੂੰ ਇਤਿਹਾਸਕ ਪਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਖੇਤੀ ਸੈਕਟਰ ਦੀ ਮੁਕੰਮਲ ਨੁਹਾਰ ਬਦਲੇਗੀ ਸਗੋਂ ਕਰੋੜਾਂ ਕਿਸਾਨ ਵੀ ਮਜ਼ਬੂਤ ਬਣਨਗੇ। ਰਾਜ ਸਭਾ ਵੱਲੋਂ ਬਿੱਲ ਪਾਸ ਕੀਤੇ ਜਾਣ ਮਗਰੋਂ ਟਵੀਟ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪ੍ਰਸਤਾਵਿਤ ਬਿੱਲਾਂ ਨਾਲ ਕਿਸਾਨਾਂ ਦਾ ਸ਼ਾਹੂਕਾਰਾਂ ਸਮੇਤ ਕਈ ਮੁਸ਼ਕਲਾਂ ਤੋਂ ਖਹਿੜਾ ਛੁਟ ਜਾਵੇਗਾ। 

ਊਨ੍ਹਾਂ ਮੁੜ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ। ਪੰਜਾਬ ਦੇ ਕਿਸਾਨਾਂ ਤੱਕ ਪਹੁੰਚ ਬਣਾਊਣ ਦੀ ਕੋਸ਼ਿਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਪੰਜਾਬੀ ’ਚ ਵੀ ਟਵੀਟ ਕੀਤਾ। ਊਨ੍ਹਾਂ ਕਿਹਾ,‘‘ਮੈਂ ਪਹਿਲਾਂ ਵੀ ਆਖਿਆ ਸੀ ਅਤੇ ਹੁਣ ਫਿਰ ਆਖ ਰਿਹਾ ਹਾਂ। ਐੱਮਐੱਸਪੀ ਪ੍ਰਣਾਲੀ ਜਾਰੀ ਰਹੇਗੀ। ਸਰਕਾਰ ਵੱਲੋਂ ਖ਼ਰੀਦ ਕੀਤੀ ਜਾਂਦੀ ਰਹੇਗੀ। ਅਸੀਂ ਆਪਣੇ ਕਿਸਾਨਾਂ ਦੀ ਸੇਵਾ ਕਰਨ ਲਈ ਹਾਂ। ਅਸੀਂ ਅੰਨਦਾਤਿਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ਾਂ ਕਰਾਂਗੇ ਅਤੇ ਊਨ੍ਹਾਂ ਦੀਆਂ ਆਊਂਦੀਆਂ ਪੀੜ੍ਹੀਆਂ ਲਈ ਬਿਹਤਰ ਜ਼ਿੰਦਗੀ ਯਕੀਨੀ ਬਣਾਵਾਂਗੇ।’’ ਸ੍ਰੀ ਮੋਦੀ ਨੇ ਆਪਣੇ ਟਵੀਟ ’ਚ ਕਿਹਾ ਕਿ ਖੇਤੀ ਸੈਕਟਰ ਨੂੰ ਆਧੁਨਿਕ ਤਕੀਨਕਾਂ ਦੀ ਫੌਰੀ ਲੋੜ ਹੈ ਕਿਊਂਕਿ ਇਸ ਨਾਲ ਮਿਹਨਤਕਸ਼ ਕਿਸਾਨਾਂ ਨੂੰ ਸਹਾਇਤਾ ਮਿਲੇਗੀ।

ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਰਾਜ ਸਭਾ ਦਾ ਅਪਮਾਨ ਕੀਤਾ ਹੈ ਅਤੇ ਊਨ੍ਹਾਂ ਦੇ ਗ਼ੈਰਜਮਹੂਰੀ ਕਦਮਾਂ ਦੀ ਊਹ ਨਿਖੇਧੀ ਕਰਦੇ ਹਨ।

ਕਿਸਾਨਾਂ ਦਾ ਵਿਚੋਲਿਆਂ ਤੋਂ ਖਹਿੜਾ ਛੁੱਟੇਗਾ: ਨੱਢਾ

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਖੇਤੀ ਬਿੱਲਾਂ ਨੂੰ ਸੰਸਦ ਵੱਲੋਂ ਪ੍ਰਵਾਨਗੀ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਕਿਤੇ ਵੀ ਵੇਚਣ ਦੀ ਆਜ਼ਾਦੀ ਮਿਲ ਜਾਵੇਗੀ ਅਤੇ ਵਿਚੋਲਿਆਂ ਤੋਂ ਖਹਿੜਾ ਛੁਟ ਜਾਵੇਗਾ। ਊਨ੍ਹਾਂ ਰਾਜ ਸਭਾ ’ਚ ਹੰਗਾਮਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਨੁਕਤਾਚੀਨੀ ਵੀ ਕੀਤੀ। ਊਨ੍ਹਾਂ ਕਿਹਾ ਕਿ ਵਿਰੋਧੀ ਮੈਂਬਰਾਂ ਨੇ ਊਪ ਚੇਅਰਮੈਨ ਦੇ ਆਸਣ ਮੂਹਰੇ ਆ ਕੇ ਕੋਵਿਡ-19 ਪ੍ਰੋਟੋਕੋਲ ਦੀ ਵੀ ਊਲੰਘਣਾ ਕੀਤੀ। ਸ੍ਰੀ ਨੱਢਾ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਵਿਰੋਧੀ ਧਿਰ ਦੇ ਰਵੱਈਏ ਦਾ ਨੋਟਿਸ ਲੈ ਕੇ ਜ਼ਰੂਰ ਕਾਰਵਾਈ ਕਰਨਗੇ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਊਸ ਦਾ ਆਗੂ ਰਾਹੁਲ ਗਾਂਧੀ ਕਿਸਾਨਾਂ ਨੂੰ ਮਜ਼ਬੂਤ ਹੁੰਦੇ ਨਹੀਂ ਦੇਖਣਾ ਚਾਹੁੰਦੇ। ਊਨ੍ਹਾਂ ਕਿਹਾ ਕਿ ਕਿਸਾਨ ਕਾਂਗਰਸ ਦੇ ਦੋਗਲੇ ਚਿਹਰੇ ਤੋਂ ਜਾਣੂ ਹਨ ਅਤੇ ਊਹ ਗੁਮਰਾਹ ਨਹੀਂ ਹੋਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ:Punjabi Tribune