ਮੁਹਾਲੀ ਤੇ ਸੋਹਾਣਾ ਵਾਸੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੈਲੀ

December 22 2020

ਇੱਥੋਂ ਦੇ ਸੈਕਟਰ-76 ਤੋਂ 80 ਦੇ ਅਲਾਟੀਆਂ ਅਤੇ ਪਿੰਡ ਸੋਹਾਣਾ ਦੇ ਵਸਨੀਕਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀ ਕੀਤੀ ਅਤੇ ਦਿੱਲੀ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਰੈਲੀ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਵਿੱਚ ਅਨਾਜ ਦੀ 70 ਤੋਂ 80 ਫੀਸਦੀ ਮੰਗ ਨੂੰ ਪੂਰਾ ਕਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਇਨਸਾਫ਼ ਪ੍ਰਾਪਤੀ ਲਈ ਹੱਡ ਚੀਰਵੀਂ ਠੰਢ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਧਰਨਿਆਂ ’ਤੇ ਬੈਠਾ ਹੈ ਪਰ ਹੁਕਮਰਾਨ ਅੰਨਦਾਤਾ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਨ੍ਹਾਂ ਆਖਿਆ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਬਾਰੇ ਪਾਸ ਕੀਤੇ ਮਤੇ ਨੂੰ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਨਹੀਂ ਦਿੱਤੀ। 

ਇਸ ਮੌਕੇ ਕਾਰ ਅਤੇ ਮੋਟਰਸਾਈਕਲ ਰੈਲੀ ਦੀ ਅਗਵਾਈ ਸੈਕਟਰ-76 ਤੋਂ 80 ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲ, ਨਵਜੋਤ ਸਿੰਘ ਬਾਛਲ ਅਤੇ ਬੂਟਾ ਸਿੰਘ ਸੋਹਾਣਾ ਨੇ ਕੀਤੀ। ਇਹ ਰੈਲੀ ਸੈਕਟਰ-80 ਤੋਂ ਸ਼ੁਰੂ ਕਰਕੇ ਹਾਊਸਫੈੱਡ-2, ਲਾਲ ਮਾਰਕੀਟ ਅਤੇ ਹਾਊਸਫੈਡ-1 ਤੋਂ ਸਮਾਰਟ ਵੰਡਰ ਸਕੂਲ ਸੈਕਟਰ-79 ਤੋਂ ਹੁੰਦੇ ਹੋਏ ਸੈਕਟਰ-78 ਅਤੇ ਸੋਹਾਣਾ ਮੇਨ ਬਾਜ਼ਾਰ ਰਾਹੀਂ ਸੈਕਟਰ-77 ਦੀ ਜੱਜ ਕਲੋਨੀ ਤੋਂ ਸੈਣੀ ਬਾਗ, ਸੋਹਾਣਾ ਫਿਰਨੀ ਅਤੇ ਸੈਕਟਰ-78 ਵਿੱਚ ਡੋਨਫਿਲ ਟਾਵਰ ਦੇ ਨੇੜਲੇ ਪਾਰਕ ਵਿੱਚ ਪਹੁੰਚ ਕੇ ਸਮਾਪਤ ਹੋਈ। ਇੱਥੇ ਹਰਦਿਆਲ ਚੰਦ ਬਡਬਰ, ਦਵਿੰਦਰ ਕੌਰ ਸੋਹਾਣਾ ਅਤੇ ਕੁਲਵਿੰਦਰ ਕੌਰ ਬਾਂਛਲ ਦੀ ਅਗਵਾਈ ਹੇਠ ਬੀਬੀਆਂ ਦਾ ਵੱਡਾ ਕਾਫ਼ਲਾ ਰੈਲੀ ਵਿੱਚ ਸ਼ਾਮਲ ਹੋਇਆ। ਸਟੇਜ ਦੀ ਕਾਰਵਾਈ ਹਰਦਿਆਲ ਚੰਦ ਬਡਬਰ ਨੇ ਕੀਤੀ। 

ਇਪਟਾ ਵੱਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ

ਇਪਟਾ ਪੰਜਾਬ ਦੇ ਕਾਰਕੁਨਾਂ, ਰੰਗਕਰਮੀਆਂ ਅਤੇ ਗਾਇਕਾਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ। ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਸ ਸਬੰਧੀ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਉੱਤੇ ਇਪਟਾ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune