ਮੀਂਹ, ਹਨੇਰੀ ਤੇ ਗੜਿਆਂ ਕੰਬਣੀ ਛੇੜੀ

November 17 2020

ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ’ਚ ਲੰਘੇ ਐਤਵਾਰ ਜ਼ੋਰਦਾਰ ਮੀਂਹ, ਹਨ੍ਹੇਰੀ ਅਤੇ ਗੜ੍ਹੇਮਾਰੀ ਨੇ ਠੰਢ ’ਚ ਇੱਕਦਮ ਵਾਧਾ ਕਰਕੇ ਕੰਬਣੀ ਛੇੜ ਦਿੱਤੀ ਹੈ। ਮੀਂਹ ਕਾਰਨ ਅਸਮਾਨੀ ਚੜ੍ਹੇ ਪਰਾਲੀ ਦੇ ਧੂੰਏਂ ਅਤੇ ਦੀਵਾਲੀ ਮੌਕੇ ਚੱਲੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਨਿਜਾਤ ਮਿਲ ਗਈ ਹੈ, ਉੱਥੇ ਕਣਕ ਦੀ ਬਿਜਾਈ ਵੀ ਕੁਝ ਦਿਨ ਪਛੜ ਗਈ ਹੈ। ਕਿਸਾਨਾਂ ਵਲੋਂ ਕੁਝ ਦਿਨ ਪਹਿਲਾਂ ਬੋਈ ਕਣਕ ਦੇ ਜੰਮਣ ਵਿੱਚ ਵੀ ਕੁਝ ਫਰਕ ਪੈ ਸਕਦਾ ਹੈ। ਬਲਾਚੌਰ ਵਿਖੇ ਐਤਵਾਰ ਨੂੰ ਬਾਬਾ ਬਲਰਾਜ ਜੀ ਦੀ ਯਾਦ ਵਿੱਚ ਭਰੇ ਮੇਲੇ ਦੇ ਮੇਲੀਆਂ ਅਤੇ ਮੇਲਣਾਂ ਨੂੰ ਅਚਾਨਕ ਆਏ ਮੀਂਹ ਅਤੇ ਹਨ੍ਹੇਰੀ ਨੇ ਭਾਜੜਾਂ ਪੁਆ ਦਿੱਤੀਆਂ ਅਤੇ ਮੇਲੇ ਦਾ ਸੁਆਦ ਕਿਰਕਿਰਾ ਕਰ ਦਿੱਤਾ। ਐਤਵਾਰ ਸ਼ਾਮ ਤੋਂ ਸ਼ੁਰੂ ਹੋਈ ਬੱਦਲਵਾਈ ਦੇਰ ਰਾਤ ਤੱਕ ਅਤੇ ਅੱਜ ਸਵੇਰ ਸਮੇਂ ਪਈ ਭਾਰੀ ਬਰਸਾਤ ਨੇ ਜਿੱਥੇ ਵਾਤਾਵਰਨ ਨੂੰ ਨਿਖਾਰਿਆ ਹੈ ਉੱਥੇ ਇਹ ਬਾਰਸ਼ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਈ ਹੈ। ਕਿਸਾਨ ਜਰਨੈਲ ਸਿੰਘ ਲਾਧੂਪੁਰ, ਅਜੀਤ ਸਿੰਘ ਜਾਫ਼ਲਪੁਰ ਅਤੇ ਗੁਰਦੀਪ ਸਿੰਘ ਨਾਨੋਵਾਲ ਨੇ ਕਿਹਾ ਕਿ ਵਾਤਾਵਰਨ ਵਿਚ ਜੋ ਗਰਦ ਅਤੇ ਧੂੰਆਂ ਭਰਿਆ ਹੋਇਆ ਸੀ ਬਾਰਸ਼ ਪੈਣ ਨਾਲ ਹਵਾ ਪਾਣੀ ਬਹੁਤ ਸ਼ਾਫ ਸੁਥਰਾ ਹੋ ਗਿਆ ਹੈ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਲਈ ਵੀ ਇਹ ਬਰਸਾਤ ਬਹੁਤ ਲਾਭਦਾਇਕ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune