ਮੀਂਹ ਮਗਰੋਂ ਕਣਕ ਦੀ ਫ਼ਸਲ ਪੀਲੀ ਪੈਣ ਲੱਗੀ

January 19 2022

ਮੀਂਹ ਮਗਰੋਂ ਠੰਢ ਦਾ ਜਿੱਥੇ ਆਮ ਜਨ ਜੀਵਨ ’ਤੇ ਅਸਰ ਪਿਆ ਹੈ, ਉਥੇ ਹੀ ਫ਼ਸਲਾਂ ਵੀ ਠੰਢ ਦੀ ਲਪੇਟ ਵਿੱਚ ਆ ਗਈਆਂ ਹਨ। ਬਲਾਚੌਰ ਬਲਾਕ ਦੇ ਪਿੰਡ ਗਹੂੰਣ ਦੇ ਲਗਪਗ 25 ਫੀਸਦ ਰਕਬੇ ਦੀ ਕਣਕ ਪੀਲੇਪਣ ਦੀ ਬਿਮਾਰੀ ਨਾਲ ਗ੍ਰਸਤ ਹੋ ਗਈ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ।

ਪਿੰਡ ਦੇ ਕਿਸਾਨ ਦਿਲਾਵਰ ਸਿੰਘ ਅਨੁਸਾਰ ਉਸ ਦੀ ਢਾਈ ਏਕੜ ਕਣਕ ਪੀਲੇਪਣ ਦਾ ਸ਼ਿਕਾਰ ਹੋ ਗਈ ਅਤੇ ਕਣਕ ਦਾ ਇਹ ਪੀਲਾਪਣ ਰੋਜ਼ਾਨਾ ਵਧਦਾ ਹੀ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕਣਕ ਦੇ ਨਾਲ ਹੀ ਉਸ ਨੇ ਜਵ੍ਵੀ ਬੀਜੀ ਹੋਈ ਹੈ, ਜਿਸ ਉੱਤੇ ਪੀਲੇਪਣ ਦਾ ਕੋਈ ਅਸਰ ਨਹੀਂ ਹੈ। ਉਸ ਨੇ ਆਖਿਆ ਕਿ ਜੇ ਉਸ ਦੀ ਫ਼ਸਲ ਖਰਾਬ ਹੋ ਗਈ ਤਾਂ ਉਸ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰਨਾਂ ਖੇਤਾਂ ਵਿੱਚ ਵੀ ਕਣਕ ਦੀ ਫ਼ਸਲ ਪੀਲੇਪਣ ਦਾ ਸ਼ਿਕਾਰ ਹੋਈ ਹੈ, ਜਿਸ ਨੂੰ ਕਿਸਾਨਾਂ ਵਿੱਚ ਪ੍ਰੇਸ਼ਾਨੀ ਦਾ ਆਲਮ ਹੈ।

ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜ਼ਿਆਦਾ ਮੀਂਹ ਹੋਣ ਨਾਲ ਠੰਢ ਦਾ ਕਹਿਰ ਇੱਕਦਮ ਜ਼ਿਆਦਾ ਵਧ ਜਾਣ ਕਾਰਨ, ਕਣਕ ਦੀ ਫਸਲ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਅਤੇ ਧੁੱਪ ਨਾ ਨਿਕਲਣ ਕਾਰਨ ਫਸਲ ’ਚ ਪੀਲੇਪਣ ਦੀ ਸ਼ਿਕਾਇਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਲਾਕ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਸੁਝਾਉਣ ਲਈ ਢੁੱਕਵੇਂ ਨਿਰਦੇਸ਼ ਦੇ ਦਿੱਤੇ ਗਏ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune