ਮਿਰਚਾਂ ਦੀ ਕਾਸ਼ਤ, ਪ੍ਰੋਸੈਸਿੰਗ ਤੇ ਬਰੈਂਡਿੰਗ ਦੀ ਮਿਲੇਗੀ ਸਿਖਲਾਈ

July 14 2023

ਪੰਜਾਬ ਦੇ ਕਿਸਾਨਾਂ ਲਈ ਮਿਰਚਾਂ ਦੀ ਕਾਸ਼ਤ ਵਰਦਾਨ ਸਾਬਤ ਹੋ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਖਾਸ ਪਲਾਨਿੰਗ ਕਰ ਰਹੇ ਹੈ। ਪੰਜਾਬ ਸਰਕਾਰ ਵੱਲੋਂ ਮਿਰਚਾਂ ਦੀ ਕਾਸ਼ਤ, ਪ੍ਰੋਸੈਸਿੰਗ ਤੇ ਬਰੈਂਡਿੰਗ ਦੀ ਸਿਖਲਾਈ ਦਿੱਤੀ ਜਾਏਗੀ। ਇਸ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਫਿਰੋਜ਼ਪੁਰ ਪੱਟੀ ‘ਚ ਮਿਰਚਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਮਿਰਚਾਂ ਦੀ ਕਾਸ਼ਤ, ਪ੍ਰੋਸੈਸਿੰਗ ਤੇ ਬਰੈਂਡਿੰਗ ਦੀ ਸਿਖਲਾਈ ਦੇਣ ਲਈ ਤਿਆਰ ਹੈ। 

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫਿਰੋਜ਼ਪੁਰ ਪੱਟੀ ਤੇ ਸਰਹੱਦੀ ਖੇਤਰ ਵਿੱਚ ਮਿਰਚਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਤਲਾਸ਼ਣ ਤੇ ਜ਼ੋਰ ਦਿੱਤਾ। ਸੰਧਵਾਂ ਨੇ ਕਿਹਾ ਕਿ ਫਿਰੋਜ਼ਪੁਰ ਪੱਟੀ ਤੇ ਸਰਹੱਦੀ ਖੇਤਰ ‘ਚ ਮਿਰਚਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਲਈ ਕੋਲਡ ਸਟੋਰ ਤੇ ਮਿਰਚਾਂ ਸੁਕਾਉਣ ਲਈ ਘੱਟ ਲਾਗਤ ਵਾਲੇ ਸੋਲਰ ਡਰਾਇਰ ਸਥਾਪਤ ਕਰਨਾ ਸਮੇਂ ਦੀ ਵੱਡੀ ਲੋੜ ਹੈ ਤੇ ਪੰਜਾਬ ਸਰਕਾਰ ਵੱਲੋਂ ਮਿਰਚ-ਕਾਸ਼ਤਕਾਰਾਂ ਦੀਆਂ ਸਮੱਸਿਆਂ ਦੇ ਨਿਬੇੜੇ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਤਜ਼ਵੀਜ ਮਾਰਕਫੈਡ ਤੇ ਪੰਜਾਬ ਐਗਰੋ ਵੱਲੋਂ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਿਰਚ ਕਾਸ਼ਤਕਾਰਾਂ ਦੀ ਆਮਦਨ ਵਧਾਉਣ, ਚੰਗੇ ਤੇ ਵੱਧ ਝਾੜ ਪੈਦਾ ਕਰਨ ਵਾਲੇ ਬੀਜ ਉਪਲੱਬਧ ਕਰਾਉਣ ਤੇ ਪ੍ਰੋਸੈਸਿੰਗ ਤੇ ਵੇਚਣ ਲਈ ਹਰ ਤਕਨੀਕੀ ਸਹਾਇਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਫਿਰੋਜ਼ਪੁਰ ਖੇਤਰ ਵਿੱਚ ਮਿਰਚਾਂ ਤੋਂ ਇਲਾਵਾ ਹੋਰ ਸਬਜ਼ੀਆਂ ਦੀ ਵੀ ਚੰਗੀ ਪੈਦਾਵਾਰ ਹੁੰਦੀ ਹੈ, ਇਸ ਲਈ ਮਿਰਚ-ਕਾਸ਼ਤਕਾਰੀ ਦੇ ਨਾਲ-ਨਾਲ ਹੋਰ ਸਬਜ਼ੀਆਂ ਦੀ ਕਾਸ਼ਤ ਲਈ ਵੀ ਢੁੱਕਵੇਂ ਉਪਰਾਲੇ ਕੀਤੇ ਜਾਣ।

ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਫਿਰੋਜ਼ਪੁਰ ਇਲਾਕੇ ‘ਚ ਮਿਰਚਾਂ ਦਾ ਵੱਡਾ ਕਾਰੋਬਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਮਿਰਚਾਂ ਦੀ ਕਾਸ਼ਤ, ਪ੍ਰੋਸੈਸਿੰਗ ਤੇ ਬਰੈਂਡਿੰਗ ਸਬੰਧੀ ਸਿਖਲਾਈ ਦੇਣ ਲਈ ਤਿਆਰ ਹੈ ਤਾਂ ਜੋ ਕਿਸਾਨ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ, ਪੰਜਾਬ ਮੰਡੀ ਬੋਰਡ ਤੇ ਪੰਜਾਬ ਐਗਰੋ ਤੇ ਮਾਰਕਫੈਡ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ, ਜੋ ਮਿਰਚ ਕਾਸ਼ਤਕਾਰਾਂ ਨੂੰ ਉਤਸ਼ਾਹਿਤ ਕਰਨ ਤੇ ਹੋਰ ਵੱਖ-ਵੱਖ ਪ੍ਰਬੰਧਾਂ ਬਾਰੇ ਆਪਣੇ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਰਸੀਦ ਬੀਜ ਵੇਚਣ ਵਾਲੇ ਵਿਕਰੇਤਾਵਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਮਿਰਚ ਦੇ ਬੀਜ ਤੈਅ ਮੁੱਲ ‘ਤੇ ਮਿਲਣੇ ਯਕੀਨੀ ਬਣਾਏ ਜਾਣਗੇ।

ਸਰੋਤ: abp ਸਾਂਝਾ