ਮਾੜੇ ਬੀਜਾਂ ਕਾਰਨ ਮਟਰਾਂ ਦਾ ਝਾੜ ਘਟਣ ਦਾ ਖਦਸ਼ਾ

November 03 2021

ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ ਕਾਰਨ ਜਿੱਥੇ ਝੋਨੇ ਦੀ ਕਟਾਈ ਪ੍ਰਭਾਵਿਤ ਹੋਣ ਕਰਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ  ਪਿਆ ਸੀ ਉੱਥੇ ਹੀ ਗੜ੍ਹਸ਼ੰਕਰ ਖੇਤਰ ਦੇ ਮਟਰ ਕਾਸ਼ਤਕਾਰਾਂ ਦੀਆਂ ਚੁਣੌਤੀਆਂ ਵੀ ਵੱਧ ਗਈਆਂ ਹਨ। ਅਕਤੂਬਰ ਮਹੀਨੇ ਦੇ ਤੀਜੇ ਹਫਤੇ ਦੌਰਾਨ ਬੀਜੇ ਗਏ ਮਟਰਾਂ ਦੇ ਪੌਦਿਆਂ ਦਾ ਅਧੂਰਾ ਵਿਕਾਸ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕਿਸਾਨਾਂ ਅਨੁਸਾਰ ਮਟਰਾਂ ਦੇ ਪੌਦਿਆਂ ’ਤੇ ਅੱਜ ਕੱਲ੍ਹ ਵਾਧੂ ਫੁੱਲ ਹੋਣੇ ਚਾਹੀਦੇ ਸਨ ਪਰ ਹਰ ਪੌਦੇ ’ਤੇ ਸਿਰਫ ਇਕ ਫੁੱਲ ਹੀ ਖਿੜਿਆ ਹੈ ਜੋ ਘੱਟ ਝਾੜ  ਦਾ ਸੰਕੇਤ ਦੇ ਰਿਹਾ ਹੈ। 

ਦੱਸਣਯੋਗ ਹੈ ਕਿ ਗੜ੍ਹਸ਼ੰਕਰ ਤੇ ਮਾਹਿਲਪੁਰ ਦੇ ਇਲਾਕੇ ਵਿੱਚ ਕਿਸਾਨਾਂ ਨੇ ਰਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਪੇਠਾ, ਮਟਰ ਅਤੇ ਹੋਰ ਸਬਜ਼ੀਆਂ ਦੀ ਬੀਜਾਈ ਨੂੰ ਪਹਿਲ ਦਿੱਤੀ ਹੈ ਪਰ ਮਟਰਾਂ ਦੇ ਮਾੜੇ ਬੀਜ ਕਿਸਾਨਾਂ ਲਈ ਫਿਕਰਮੰਦੀ ਦਾ ਕਾਰਨ ਬਣ ਗਏ ਹਨ। ਇਸ ਬਾਰੇ ਗੱਲ ਕਰਦਿਆਂ ਪਿੰਡ ਗੋਹਗੜੋਂ,  ਮੈਲੀ, ਮਹਿਮਦੋਵਾਲ, ਖਾਨਪੁਰ, ਭੁੱਲੇਵਾਲ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਟਰਾਂ ਦੀ ਪਹਿਲੀ ਬੀਜਾਈ ਸਤੰਬਰ ਮਹੀਨੇ ਦੇ ਅੱਧ ਵਿੱਚ ਕੀਤੀ ਸੀ ਪਰ ਤੁਰੰਤ ਪਏ ਭਾਰੀ ਮੀਂਹ ਨੇ ਫਸਲ ਬਰਬਾਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਦੇ ਤੀਜੇ ਹਫਤੇ ਕੀਤੀ ਮੁੜ ਬੀਜਾਈ ਕਾਰਨ ਉਨ੍ਹਾਂ ਦਾ ਦੁੱਗਣਾ ਖਰਚ ਹੋ ਗਿਆ ਪਰ ਇਹ ਬੀਜਾਈ ਮਾੜੇ ਬੀਜਾਂ ਦੀ ਭੇਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਕਰੀਬ ਪੰਝੀ ਹਜ਼ਾਰ ਰੁਪਏ ਖਰਚ ਕੇ ਉਹ ਆਰਥਿਕ ਲੁੱਟ ਦੇ ਸ਼ਿਕਾਰ ਹੋ ਗਏ ਹਨ ਅਤੇ ਪੌਦਿਆਂ ਦਾ ਅਧੂਰਾ ਵਿਕਾਸ ਹੋ ਰਿਹਾ ਹੈ। 

ਖ਼ਰਾਬ ਮੌਸਮ ਕਾਰਨ ਦਿੱਕਤ ਆਈ

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਨੇ ਕਿਹਾ ਕਿ ਮਟਰਾਂ ਦਾ ਅਧੂਰਾ ਵਿਕਾਸ ਮੌਸਮੀ ਖਰਾਬੀ ਨਾਲ ਹੋਇਆ ਹੈ ਤੇ ਆਉਂਦੇ ਦਿਨਾਂ ਵਿੱਚ ਇਸ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune