ਮਾਲਵਾ ਪੱਟੀ ’ਚ ਹੁਣ ਨਰਮੇ ਨੂੰ ਨਦੀਨਾਂ ਨੇ ਦੱਬਿਆ

July 05 2021

ਮਾਲਵਾ ਪੱਟੀ ਵਿਚ ਲਗਾਤਾਰ ਪਾਣੀ ਲਾਕੇ ਭਾਵੇਂ ਕਿਸਾਨਾਂ ਨੇ ਬੀ.ਟੀ ਕਾਟਨ ਨੂੰ ਮੱਚਣੋ ਤਾਂ ਬਚਾਅ ਲਿਆ, ਪਰ ਫ਼ਸਲ ਨੂੰ ਹੁਣ ਨਦੀਨਾਂ ਨੇ ਦੱਬ ਲਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਨਦੀਨਾਂ ਦੇ ਖਾਤਮੇ ਦਾ ਸੱਦਾ ਦਿੱਤਾ ਹੈ। ਝੋਨੇ ਦਾ ਸੀਜ਼ਨ ਹੋਣ ਕਾਰਨ ਹੁਣ ਕਿਸਾਨਾਂ ਨੂੰ ਨਰਮੇ ’ਚੋਂ ਨਦੀਨ ਕੱਢਣ ਵਾਸਤੇ ਮਜ਼ਦੂਰਾਂ ਦੀ ਪਈ ਘਾਟ ਨੇ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ।

ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਨਰਮਾ ਪੱਟੀ ਦੇ ਕਿਸਾਨ ਇਸ ਸਮੇਂ ਦੂਹਰੀ ਮਾਰ ਦਾ ਸ਼ਿਕਾਰ ਹਨ। ਹਰ ਰੋਜ਼ ਤੱਪਦੇ ਮੌਸਮ ਨੇ ਪਹਿਲਾਂ ਹਜ਼ਾਰਾਂ ਏਕੜ ਬੀ.ਟੀ ਨਰਮੇ ਦੀ ਫ਼ਸਲ ਨੂੰ ਉਗਰਦਿਆਂ ਹੀ ਸਾੜ ਦਿੱਤਾ ਅਤੇ ਹੁਣ ਖੇਤਾਂ ਵਿਚ ਲਗਾਤਾਰ ਪਾਣੀ ਨੂੰ ਲਾਉਂਦੇ ਰਹਿਣ ਕਾਰਨ ਨਰਮੇ ਦੀ ਛੋਟੀ ਫ਼ਸਲ ਦੇ ਉਤੋਂ ਦੀ ਨਦੀਨ ਪੈ ਚੱਲੇ ਹਨ।

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਕੱਲ੍ਹ ਹੀ ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਦੌਰਾ ਕਰਨ ਪਿੱਛੋਂ ਦੱਸਿਆ ਕਿ ਬੇਸ਼ੱਕ ਕਿਸਾਨਾਂ ਨੇ ਮੀਂਹ ਨਾ ਪੈਣ ਦਾ ਲਾਹਾ ਲੈਕੇ ਖੇਤਾਂ ’ਚੋਂ ਨਦੀਨਾਂ ਨੂੰ ਕੱਢ ਮਾਰਿਆ ਹੈ ਅਤੇ ਇਨ੍ਹਾਂ ਨਦੀਨਾਂ ਨੇ ਹੁਣ ਵੱਡੇ ਹੋ ਰਹੇ ਨਰਮੇ ਨੇ ਉਠਣ ਨਹੀਂ ਦੇਣਾ ਹੈ। ਇਸ ਲਈ ਇਨ੍ਹਾਂ ਦੇ ਖਾਤਮੇ ਲਈ ਹੰਭਲਾ ਮਾਰਨਾ ਚਾਹੀਦਾ ਹੈ। ਖੇਤੀ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਨਰਮੇ ਦੀ ਫ਼ਸਲ ਨੂੰ ਇਸ ਸਮੇਂ ਇੱਟਸਿੱਟ/ਚੁਪੱਤੀ ਅਤੇ ਮਧਾਣਾ/ਮਕੜਾਂ ਦੱਬ ਲੈਂਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਨਰਮੇ ਦੀ ਫ਼ਸਲ ਉਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੀਟਨਾਸ਼ਕ ਦਵਾਈ ਦਾ ਛਿੜਕਾਅ ਨਾ ਕਰਨ ਅਤੇ ਇਸ ਵੇਲੇ ਇਹ ਫ਼ਸਲ ਪੂਰੀਆਂ ਟੌਹਰਾਂ ਵਿੱਚ ਖੜ੍ਹੀ ਹੈ। ਉਨ੍ਹਾਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ’ਚੋਂ ਨਦੀਨ ਮਾਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਹੁਣ ਫ਼ਸਲ ਦੀ ਹਰ ਤਰ੍ਹਾਂ ਦੀ ਰਾਖੀ ਕਰਨੀ ਚੰਗੇ ਝਾੜ ਲਈ ਜ਼ਰੂਰੀ ਹੋ ਗਈ ਹੈ।

ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਡਾ. ਪ੍ਰਦੀਪ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਅਮਨ ਸੁਲੇਖ ਅਤੇ ਡਾ. ਗੁਰਿੰਦਰਜੀਤ ਸਿੰਘ ਅਤੇ ਹਰਚੇਤ ਸਿੰਘ ਵੀ ਮੌਜੂਦ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune