ਭਾਰਤੀ ਕਿਸਾਨ ਯੂਨੀਅਨ ਵੱਲੋਂ ਭਿੱਖੀਵਿੰਡ ਚ ਧਰਨਾ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ

September 16 2020

ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਅਤੇ ਆਪਣੀਆਂ ਹੋਰ ਮੰਗਾਂ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਕੜੇ ਕਾਰਕੁੰਨ ਕਿਸਾਨਾਂ ਵਲੋਂ ਆਪਣੇ ਦਿੱਤੇ ਸੱਦੇ ਤਹਿਤ ਅੱਜ ਸ਼ਹਿਰ ਭਿੱਖੀਵਿੰਡ ਦੇ ਚੌਕ ਵਿਚ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤ ਕਿਸਾਨ ਯੂਨੀਅਨ ਤੇ ਧਰਨੇ ਨੂੰ ਰੋਕਣ ਲਈ ਪੁਲਿਸ ਦੇ ਜਵਾਨ ਵੀ ਵੱਡੀ ਗਿਣਤੀ ਵਿਚ ਤੈਨਾਤ ਕੀਤਾ ਗਏ ਹਨ।

ਧਰਨੇ ਦੌਰਾਨ ਕਿਸਾਨਾਂ ਮਜ਼ਦੂਰਾਂ ਦੇ ਜੱਥੇ ਨੂੰ ਸੰਬੌਧਨ ਕਰਦਿਆਂ ਕਿਸਾਨ ਆਗੂ ਦਿਲਬਾਗ ਸਿੰਘ ਅਤੇ ਗੁਰਲਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਆਰਡੀਨੈਂਸ ਕਿਸਾਨ ਮਜ਼ਦੂਰ ਵਿਰੋਧੀ ਹਨ। ਇਹਨਾਂ ਆਰਡੀਨੈਂਸਾਂ ਨਾਲ ਦੇਸ਼ ਦੀ ਖੇਤੀ ਤਬਾਹ ਹੋ ਜਾਵੇਗੀ ਅਤੇ ਦੇਸ਼ ਦਾ ਅੰਨਦਾਤਾ ਤੇ ਮਿਹਨਤਕਸ਼ ਖੇਤ ਮਜ਼ਦੂਰ ਦੋ ਵਕਤ ਦੀ ਰੋਟੀ ਲਈ ਤਰਸੇਗਾ।

ਦੇਸ਼ ਦੀ ਅਰਥਵਿਵਸਥਾ ਤਹਿਸ ਨਹਿਸ ਹੋ ਜਾਵੇਗੀ। ਮੰਡੀਕਰਣ ਨਾਲ ਜੁੜੇ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਕਿਸਾਨ ਆਗੂ ਨੇ ਬਿਜਲੀ ਬਿੱਲ 2020 ਦਾ ਵਿਰੋਧ ਕਰਦਿਆ ਦੇਸ਼ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਅਤੇ ਦੇਸ਼ ਦੇ ਸਮੁੱਚੇ ਵਿਧਾਨਕਾਰਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਫੈਸਲਿਆ ਦੇ ਖਿਲਾਫ਼ ਅਵਾਜ ਬਲੁੰਦ ਕਰਕੇ ਜਨਤਾਂ ਵੱਲੋਂ ਦਿੱਤੀ ਗਈ ਜੁੰਮੇਵਾਰੀ ਨਿਭਾਈ ਜਾਵੇ।

ਉਨ੍ਹਾਂ ਕਿਹਾ ਕਿ ਜਿਹੜੀ ਵੀ ਪਾਰਟੀ ਦਾ ਸੰਸਦ ਮੈਂਬਰ ਇਸ ਬਿੱਲ ਦੇ ਹੱਕ ਵਿਚ ਜਾਵੇਗਾ। ਉਸਦਾ ਪਿੰਡ ਪਿੰਡ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ 1920 ਵਿਚ ਰਾਜਾਂ ਨੂੰ ਵਧੇਰੇ ਅਧਿਕਾਰ ਅਤੇ ਫੈਡਰਲ ਢਾਂਚੇ ਖਿਲਾਫ਼ ਅਵਾਜ ਬੁਲੰਦ ਕਰ ਹੋਂਦ ਵਿਚ ਆਇਆ ਸੀ ਅੱਜ ਫਿਰ ਉਹੀ ਅਵਾਜ ਬੁਲੰਦ ਕਰਨ ਦੀ ਲੋੜ ਹੈ।

ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਹਰ ਸਾਲ 2 ਕਰੋੜ ਲੋਕਾਂ ਨੂੰ ਨੌਕਰੀਆਂ ਤੇ ਹਰ ਦੇਸ਼ ਵਾਸੀ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਮੋਦੀ ਸਰਕਾਰ ਵਾਅਦਿਆਂ ਤੋਂ ਉਲਟ ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀ ਹੈ, ਜਿਸ ਨੂੰ ਦੇਸ਼ ਦੀ ਜਨਤਾ ਸਹਿਣ ਨਹੀਂ ਕਰੇਗੀ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ । ਕਿਸਾਨੀ ਮਜ਼ਦੂਰੀ ਦਾ ਸਮੁੱਚਾ ਕਰਜ਼ਾ ਮੁਆਫ ਕਰੇ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman