ਭਾਰਤ ਬੰਦ: ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ

December 07 2020

ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਸਰਹੱਦ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਸਾਰੀਆਂ ਧਿਰਾਂ ਨੂੰ 8 ਦਸੰਬਰ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਨਾਲ ਸਬੰਧਤ ਢਾਈ ਸੌ ਤੋਂ ਵੱਧ ਕਿਸਾਨ ਕੌਮੀ ਰਾਜਧਾਨੀ ਵਿੱਚ ਜਾਰੀ ਧਰਨੇ ਪ੍ਰਦਰਸ਼ਨਾਂ ’ਚ ਸ਼ਿਰਕਤ ਕਰਨਗੇ। ਦਿੱਲੀ ਦੀ ਸਰਹੱਦ ’ਤੇ ਡਟੇ ਕਿਸਾਨ ਆਗੂਆਂ ਨੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਾ ਸਵਾਗਤ ਕੀਤਾ ਹੈ। ਆਗੂਆਂ ਨੇ ਕਿਹਾ ਕਿ ਹੋਰ ਧਿਰਾਂ ਵੀ ਅੱਗੇ ਹੋ ਕੇ ਮੰਗਲਵਾਰ ਦੇ ‘ਭਾਰਤ ਬੰਦ’ ਦੀ ਹਮਾਇਤ ਕਰਨ।

ਕਿਸਾਨ ਆਗੂ ਬਲਦੇਵ ਸਿੰਘ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਇਹ ਅੰਦੋਲਨ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਹੈ। ਅਸੀਂ ਆਪਣੇ ਅੰਦੋਲਨ ਨੂੰ ਮਜ਼ਬੂਤ ਕਰਾਂਗੇ ਤੇ ਇਹ ਪਹਿਲਾਂ ਹੀ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਅਸੀਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਕਿਉਂਕਿ ਸਰਕਾਰ ਇਸ ਮੁੱਦੇ ’ਤੇ ਸਾਡੇ ਨਾਲ ਸਹੀ ਤਰੀਕੇ ਨਾਲ ਨਹੀਂ ਨਜਿੱਠ ਸਕੀ। ਲੰਘੇ ਦਿਨ ਹੋਈ ਮੀਟਿੰਗ ਦੌਰਾਨ ਵੀ ਕੇਂਦਰੀ ਮੰਤਰੀ ‘ਭਾਰਤ ਬੰਦ’ ਦੇ ਦਿੱਤੇ ਸੱਦੇ ਕਰਕੇ ਸਾਡੇ ਨਾਲ ਨਾਰਾਜ਼ ਸੀ।’ ਉਨ੍ਹਾਂ ਕਿਹਾ, ‘8 ਦਸੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਸਵੇਰੇ ਤੋਂ ਸ਼ਾਮ ਤੱਕ ਜਾਰੀ ਰਹੇਗਾ। ਇਸ ਦੌਰਾਨ ਦੁਕਾਨਾਂ ਤੇ ਕਾਰੋਬਾਰ ਬੰਦ ਰਹਿਣਗੇ। ਐਂਬੂਲੈਂਸਾਂ ਤੇ ਐਮਰਜੰਸੀ ਕੰਮਕਾਜ ਨੂੰ ਬੰਦ ਤੋਂ ਛੋਟ ਦਿੱਤੀ ਜਾਵੇਗੀ। ਗੁਜਰਾਤ ਨਾਲ ਸਬੰਧਤ 250 ਕਿਸਾਨ ਦਿੱਲੀ ਧਰਨੇ ਵਿੱਚ ਸ਼ਾਮਲ ਹੋਣਗੇ।’ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ‘ਭਾਰਤ ਬੰਦ’ ਦੌਰਾਨ ਅਮਨ-ਅਮਾਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ‘ਬੰਦ’ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਜਾਰੀ ਰਹੇਗਾ ਤੇ ਕਿਸੇ ਨੂੰ ਵੀ ਗੜਬੜ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਰਨੇ ਪ੍ਰਦਰਸ਼ਨਾਂ ਨੂੰ ਹਿੰਸਕ ਰੂਪ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਸਤੰਬਰ ਨੂੰ ਚੰਡੀਗੜ੍ਹ ਦੇ ਮੈਦਾਨ ਵਿੱਚ ਇਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਉਪਰ ਵੱਧ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਜੱਥੇ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਉੱਤਰਾਖੰਡ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਗਾਜ਼ੀਆਬਾਦ ਬਾਰਡਰ ਬੰਦ ਕਰਕੇ ਕਿਸਾਨਾਂ ਨੇ ਦਿਖਾ ਦਿੱਤਾ ਹੈ ਕਿ ਇਹ ਦੇਸ਼ ਦਾ ਅੰਦੋਲਨ ਹੈ।

ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਮਹਾਰਾਸ਼ਟਰ ਤੇ ਹੋਰਨਾਂ ਰਾਜਾਂ ਨਾਲ ਸਬੰਧਤ ਕਈ ਜਥੇਬੰਦੀਆਂ ਨੇ ‘ਭਾਰਤ ਬੰਦ’ ਦੀ ਹਮਾਇਤ ਕੀਤੀ ਹੈ। ਹਰਿਆਣਾ, ਪੰਜਾਬ ਤੇ ਰਾਜਸਥਾਨ ਵਿੱਚ ਸਾਰੀਆਂ ਮੰਡੀਆਂ ਬੰਦ ਰਹਿਣਗੀਆਂ, ਪਰ ਵਿਆਹ ਸ਼ਾਦੀਆਂ ਨੂੰ ਬੰਦ ਤੋਂ ਛੋਟ ਰਹੇਗੀ। ਕਈ ਸਿਆਸੀ ਪਾਰਟੀਆਂ ਨੇ ਸਾਡੀ ਹਮਾਇਤ ਕੀਤੀ ਹੈ ਤੇ ਅਸੀਂ ਹਰੇਕ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਬੰਦ ਵਿੱਚ ਸ਼ਮੂਲੀਅਤ ਕਰਨ।’ ਕਿਸਾਨੀ ਧਰਨਿਆਂ ਖਿਲਾਫ਼ ਸੁਪਰੀਮ ਕੋਰਟ ਵਿੱਚ ਦਾਖ਼ਲ ਪਟੀਸ਼ਨ ਦਾ ਜ਼ਿਕਰ ਕਰਦਿਆ ਯੋਗੇਂਦਰ ਯਾਦਵ ਨੇ ਕਿਹਾ ਕਿ ਕਰੋਨਾ ਮਹਾਮਾਰੀ ਦਾ ਫਿਕਰ ਉਨ੍ਹਾਂ (ਕਿਸਾਨ ਜਥੇਬੰਦੀਆਂ) ਨੂੰ ਵੀ ਹੈ। ਧਰਨੇ ਵਾਲੀ ਥਾਂ ’ਤੇ ਡਾਕਟਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਡੀਟਰਜ਼ ਗਿਲਡ ਵੱਲੋਂ ਮੀਡੀਆ ਨੂੰ ਕਿਹਾ ਗਿਆ ਕਿ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਜਾਂ ਦੇਸ਼ ਵਿਰੋਧੀ ਕਰਾਰ ਨਾ ਦੇ ਕੇ ਨਿਰਪੱਖ ਪੱਤਰਕਾਰੀ ਕਰੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਪੂਰੀ ਤਿਆਰੀ ਕੀਤੀ ਗਈ ਹੈ।

ਅਸੀਂ ਆਪਣੇ ਸਟੈਂਡ ’ਤੇ ਕਾਇਮ

ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ, ‘ਅਸੀਂ(ਕਿਸਾਨ) ਆਪਣੇ ਸਟੈਂਡ ’ਤੇ ਹਮੇਸ਼ਾ ਅਡੋਲ ਰਹੇ ਹਾਂ। ਅਸੀਂ ਹਮੇਸ਼ਾ ਇਹੀ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ। ਅਸੀਂ ਆਪਣਾ ਰੁਖ਼ ਨਹੀਂ ਬਦਲਿਆ, ਅਸੀਂ ਇਸ ’ਤੇ ਕਾਇਮ ਹਾਂ।’

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune