ਬਾਸਮਤੀ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ

July 01 2021

ਵਿਦੇਸ਼ਾਂ ਵਿੱਚ ਬਾਸਮਤੀ ਦੀ ਵਧੇਰੇ ਮੰਗ ਹੋਣ ਕਰਕੇ ਅਤੇ ਇਸ ਦੀ ਕਾਸ਼ਤ ਦੌਰਾਨ ਝੋਨੇ ਦੇ ਮੁਕਾਬਲੇ ਪਾਣੀ ਦੀ ਬੱਚਤ ਵਧੇਰੇ ਹੋਣ ਕਰਕੇ ਇਸ ਨੂੰ ਕਿਸਾਨਾ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਉਪਲੱਬਧਤਾ ਵਧਣ ਕਰਕੇ ਬਾਸਮਤੀ ਦੀ ਕਾਸ਼ਤ ਵਿੱਚ ਮੁਨਾਫ਼ਾ ਵੀ ਵਧੀਆ ਹੁੰਦਾ ਹੈ। ਇਸ ਲਈ ਪਿਛਲੇ ਕੁਝ ਸਾਲਾਂ ਦੌਰਾਨ ਬਾਸਮਤੀ ਦੀ ਕਾਸ਼ਤ ਹੇਠ ਰਕਬੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਦੀ ਕਾਸ਼ਤ ਲਈ ਸਿੰਚਾਈ ਵਾਲੇ ਪਾਣੀ ਅਤੇ ਖੁਰਾਕੀ ਤੱਤਾਂ ਦੀ ਜ਼ਰੂਰਤ ਝੋਨੇ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ ਜਿਸ ਕਰਕੇ ਇਸ ਫ਼ਸਲ ਨੂੰ ਫ਼ਸਲੀ ਵਿਭਿੰਨਤਾ ਦੇ ਇੱਕ ਵਿਕਲਪ ਵਜੋਂ ਵੀ ਦੇਖਿਆ ਜਾਂਦਾ ਹੈ।

ਖੁਰਾਕੀ ਤੱਤਾਂ ਦੀ ਘੱਟ ਲੋੜ ਹੋਣ ਕਰਕੇ ਇਸ ਫ਼ਸਲ ਦੀ ਸਫ਼ਲ ਅਤੇ ਲਾਹੇਵੰਦ ਖੇਤੀ ਲਈ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਖੁਰਾਕੀ ਤੱਤਾਂ ਦੀ ਪੂਰਤੀ ਸੰਬੰਧੀ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੱਤ ਸਹੀ ਮਾਤਰਾ ਵਿੱਚ, ਸਹੀ ਸਮੇਂ ਤੇ, ਸਹੀ ਤਰੀਕੇ ਨਾਲ ਅਤੇ ਸਹੀ ਸਰੋਤ ਦੁਆਰਾ ਹੀ ਪਾਏ ਜਾਣ। ਖਾਦਾਂ ਦੀ ਬੇਲੋੜੀ ਵਰਤੋਂ ਜਿਥੇ ਖੇਤੀ ਦੇ ਖਰਚ ਵਧਾਉਂਦੀ ਹੈ, ਉਥੇ ਹੀ ਇਸ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਖਤਰਾ ਵੀ ਵਧਦਾ ਹੈ। ਇਸੇ ਤਰਾਂ, ਖਾਦਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਫ਼ਸਲ ਦਾ ਕੱਦ ਆਮ ਨਾਲੋਂ ਵਧ ਜਾਂਦਾ ਹੈ ਜਿਸ ਨਾਲ ਫ਼ਸਲ ਦੇ ਡਿੱਗਣ ਕਰਕੇ ਝਾੜ ਅਤੇ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਬਾਸਮਤੀ ਦੀ ਫ਼ਸਲ ਵਿੱਚ ਖਾਦਾਂ ਦੀ ਸੰਜਮਤਾ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਇਸਦੇ ਲਈ, ਰਸਾਇਣਿਕ ਅਤੇ ਜੈਵਿਕ ਖਾਦਾਂ ਦੀ ਮਿਲੀ ਜੁਲੀ ਵਰਤੋਂ, ਕਿਸਮਾਂ ਅਤੇ ਬਿਜਾਈ ਦੇ ਢੰਗ ਅਨੁਸਾਰ ਖਾਦਾਂ ਦੀ ਸਿਫ਼ਾਰਸ਼ ਮਾਤਰਾ, ਅਤੇ ਖਾਦਾਂ ਦੀ ਵਰਤੋਂ ਦਾ ਸਹੀ ਸਮਾਂ ਅਤੇ ਢੰਗ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਆਮ ਤੌਰ ਤੇ ਬਾਸਮਤੀ ਵਿੱਚ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਰੱਖ ਕੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਿੱਧੀ ਬੀਜੀ ਫ਼ਸਲ ਲਈ

ਬਿਨਾਂ ਕੱਦੂ ਕੀਤੇ ਬਾਸਮਤੀ ਦੀ ਸਿੱਧੀ ਬਿਜਾਈ ਵਾਲੀ ਫ਼ਸਲ ਵਿੱਚ 54 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣਾ ਚਾਹੀਦਾ ਹੈ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਕਰਨੀ ਚਾਹੀਦੀ ਹੈ।

ਪਨੀਰੀ ਨਾਲ ਬੀਜੀ ਫ਼ਸਲ ਲਈ

ਬਾਸਮਤੀ ਦੀ ਲੁਆਈ ਤੋਂ ਪਹਿਲਾਂ ਖੇਤ ਵਿੱਚ ਹਰੀ ਖਾਦ ਦਬਾਉਣੀ ਫ਼ਸਲ ਲਈ ਬਹੁਤ ਲਾਹੇਵੰਦ ਹੈ। ਜੇਕਰ ਢੈਂਚਾ ਜਾਂ ਸਣ ਦੀ 45-55 ਦਿਨ ਦੀ ਹਰੀ ਖਾਦ ਖੇਤ ਵਿੱਚ ਦਬਾਈ ਗਈ ਹੋਵੇ ਜਾਂ ਮੂੰਗੀ ਦੀ ਫ਼ਸਲ ਲੈਣ ਤੋਂ ਬਾਅਦ ਉਸ ਦੇ ਟਾਂਗਰ ਨੂੰ ਖੇਤ ਵਿੱਚ ਹੀ ਖਪਾਇਆ ਗਿਆ ਹੋਵੇ ਤਾਂ ਬਾਸਮਤੀ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਜੇਕਰ ਬਾਸਮਤੀ ਤੋਂ ਪਹਿਲਾਂ ਬੀਜੀ ਗਈ ਕਣਕ ਦੀ ਫ਼ਸਲ ਵਿੱਚ ਫ਼ਾਸਫ਼ੋਰਸ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਬਾਸਮਤੀ ਵਿੱਚ ਇਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੁੰਦੀ। ਹਾਲਾਂਕਿ ਫ਼ਾਸਫ਼ੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਆਖਰੀ ਕੱਦੂ ਕਰਨ ਤੋਂ ਪਹਿਲਾਂ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਪਨੀਰੀ ਲਾਉਣ ਤੋਂ ਬਾਅਦ ਬਾਸਮਤੀ ਦੀਆਂ ਵੱਖ ਵੱਖ ਕਿਸਮਾਂ ਨੂੰ ਵੱਖ ਵੱਖ ਮਾਤਰਾ ਵਿੱਚ ਨਾਈਟ੍ਰੋਜਨ ਤੱਤ ਦੀ ਲੋੜ ਹੁੰਦੀ ਹੈ। ਇਸ ਲਈ, ਸੀ ਐਸ ਆਰ 30, ਬਾਸਮਤੀ 386 ਅਤੇ ਬਾਸਮਤੀ 370 ਕਿਸਮਾਂ ਨੂੰ 18 ਕਿਲੋ ਯੂਰੀਆ; ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718 ਨੂੰ 36 ਕਿਲੋ ਯੂਰੀਆ ਅਤੇ ਪੂਸਾ ਬਾਸਮਤੀ 1509 ਨੂੰ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਯੂਰੀਆ ਦੀ ਉਪਰੋਕਤ ਮਾਤਰਾ ਨੂੰ ਦੋ ਬਰਾਬਰ ਕਿਸ਼ਤਾਂ ਵਿੱਚ ਖੇਤ ਵਿੱਚ ਪਨੀਰੀ ਲਾਉਣ ਤੋਂ 3 ਅਤੇ 6 ਹਫ਼ਤੇ ਬਾਅਦ ਛੱਟੇ ਨਾਲ ਪਾਉਣਾ ਚਾਹੀਦਾ ਹੈ। ਯੂਰੀਆ ਪਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਖੇਤ ਵਿੱਚ ਪਾਣੀ ਖੜ੍ਹਾ ਨਾ ਹੋਵੇ। ਲੋੜ ਤੋਂ ਵੱਧ ਨਾਈਟ੍ਰੋਜਨ ਤੱਤ ਪਾਉਣ ਨਾਲ ਪੌਦੇ ਦਾ ਫ਼ੁਲਾਟ ਅਤੇ ਉਚਾਈ ਵਧ ਜਾਂਦੀ ਹੈ ਜਿਸ ਨਾਲ ਫ਼ਸਲ ਡਿੱਗਣ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ।

ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ-ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿਧੀ ਅਨੁਸਾਰ, ਪਨੀਰੀ ਦੀ ਲੁਆਈ ਸਮੇਂ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਪਨੀਰੀ ਲਾਉਣ ਤੋਂ 3 ਹਫ਼ਤਿਆਂ ਬਾਅਦ, ਹਫ਼ਤੇ ਹਫ਼ਤੇ ਦੇ ਅੰਤਰਾਲ ਤੇ ਪੱਤਿਆਂ ਦਾ ਰੰਗ ਪੀ ਏ ਯੂ-ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਹਰ ਵਾਰ ਖੇਤ ਵਿੱੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਰਹਿਤ 10 ਪੌਦਿਆਂ ਦੇ ਉੱਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿੱਚ ਮਿਲਾਉਣਾ ਚਾਹੀਦਾ ਹੈ। ਬਾਸਮਤੀ 386, ਬਾਸਮਤੀ 370 ਅਤੇ ਸੀ ਐਸ ਆਰ 30 ਕਿਸਮਾਂ ਦਾ ਰੰਗ ਟਿੱਕੀ ਨੰਬਰ 3.5 ਅਤੇ ਬਾਕੀ ਕਿਸਮਾਂ (ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718) ਦਾ ਰੰਗ ਟਿੱਕੀ ਨੰਬਰ 4 ਨਾਲ ਮਿਲਾਉਣਾ ਚਾਹੀਦਾ ਹੈ। 10 ਵਿਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਸੰਬੰਧਤ ਟਿੱਕੀ ਤੋਂ ਫਿੱਕਾ ਹੋਣ ਦੀ ਸੂਰਤ ਵਿੱਚ 9 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ ਜਦਕਿ ਇਹਨਾਂ ਪੱਤਿਆਂ ਦਾ ਰੰਗ ਸੰਬੰਧਤ ਟਿੱਕੀ ਦੇ ਬਰਾਬਰ ਜਾਂ ਗੂੜਾ ਹੋਣ ਦੀ ਸੂਰਤ ਵਿੱਚ ਹੋਰ ਯੂਰੀਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਸੇ ਵੀ ਸੂਰਤ ਵਿੱਚ ਬਾਸਮਤੀ ਦੇ ਨਿਸਾਰੇ ਤੋਂ ਬਾਅਦ ਹੋਰ ਖਾਦ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਜ਼ਿੰਕ ਅਤੇ ਲੋਹੇ ਦੀ ਘਾਟ ਪੂਰੀ ਕਰਨਾ

ਜੇਕਰ ਫ਼ਸਲ ਵਿੱਚ ਜ਼ਿੰਕ ਘਾਟ ਦੀਆਂ ਨਿਸ਼ਾਨੀਆਂ (ਬੂਟੇ ਦਾ ਮਧਰਾ ਰਹਿਣਾ, ਜਾੜ ਘੱਟ ਮਾਰਨਾ ਅਤੇ ਬੂਟਿਆਂ ਦੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਣਾ) ਨਜ਼ਰ ਆਉਣ ਤਾਂ ਉਸ ਵੇਲੇ ਹੀ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਇਹ ਘਾਟ ਸੀ ਉਨ੍ਹਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ ਹੀ ਖਿਲਾਰ ਦੇਣਾ ਚਾਹੀਦਾ ਹੈ। ਇਸੇ ਤਰਾਂ, ਲੋਹੇ ਘਾਟ ਦੀਆਂ ਨਿਸ਼ਾਨੀਆਂ (ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈਣਾ) ਨਜ਼ਰ ਆਉਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਫ਼ਸਲ ਨੂੰ ਦੇਣੇ ਚਾਹੀਦੇ ਹਨ ਅਤੇ ਇੱਕ ਹਫ਼ਤੇ ਦੀ ਵਿੱਥ ਰੱਖ ਕੇ ਇੱਕ ਪ੍ਰਤੀਸ਼ਤ ਲੋਹੇ ਦਾ ਛਿੜਕਾਅ (ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ) ਪੱਤਿਆਂ ਉੱਪਰ ਕਰਨਾ ਚਾਹੀਦਾ ਹੈ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran