ਬਾਜ਼ਾਰ ਚ 800 ਰੁਪਏ ਪ੍ਰਤੀ ਕਿਲੋ ਚ ਵਿੱਕ ਰਹੀ ਭਿੰਡੀ, ਜਾਣੋ ਕਿਉਂ ਹੈ ਇੰਨੀ ਮਹਿੰਗੀ?

November 02 2021

ਤੁਸੀਂ ਹੁਣ ਤਕ ਹਰੇ ਰੰਗ ਦੀ ਭਿੰਡੀ ਵੇਖੀ ਹੋਵੇਗੀ ਪਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇੱਕ ਕਿਸਾਨ ਮਿਸ਼ਰੀ ਲਾਲ ਰਾਜਪੂਤ ਨੇ ਆਪਣੇ ਖੇਤਾਂ ਚ ਲਾਲ ਰੰਗ ਦੀ ਭਿੰਡੀ ਉਗਾਈ ਹੈ। ਇਹ ਭਿੰਡੀ ਹਰੀ ਭਿੰਡੀ ਤੋਂ ਬਿਲਕੁਲ ਵੱਖਰੀ ਹੈ। ਇਸ ਭਿੰਡੀ ਦਾ ਨਾ ਸਿਰਫ਼ ਰੰਗ ਵੱਖਰਾ ਹੈ, ਸਗੋਂ ਇਸ ਦੀ ਕੀਮਤ ਤੇ ਪੌਸ਼ਟਿਕ ਤੱਤ ਵੀ ਹਰੀ ਭਿੰਡੀ ਦੇ ਮੁਕਾਬਲੇ ਕਈ ਗੁਣਾ ਵੱਧ ਹੈ।

ਕਿਸਾਨ ਮਿਸ਼ਰੀ ਲਾਲ ਨੇ ਦੱਸਿਆ ਕਿ ਲਾਲ ਭਿੰਡੀ ਮੌਲ ਚ ਲਗਪਗ 700-800 ਰੁਪਏ ਪ੍ਰਤੀ ਕਿਲੋ ਦੀ ਕੀਮਤ ਚ ਵਿਕੇਗੀ। ਲਾਲ ਭਿੰਡੀ ਆਮ ਭਿੰਡੀ ਨਾਲੋਂ ਕਈ ਗੁਣਾ ਮਹਿੰਗੀ ਵਿਕ ਰਹੀ ਹੈ। ਪੈਦਾਵਰ ਤੇ ਕੀਮਤ ਤੋਂ ਖੁਸ਼ ਕਿਸਾਨ ਮਿਸ਼ਰੀ ਲਾਲ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਉਂ ਲਾਲ ਭਿੰਡੀ ਖ਼ਾਸ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਭਿੰਡੀ ਬਾਜ਼ਾਰ ਚ ਇੰਨੀ ਮਹਿੰਗੀ ਕਿਉਂ ਵਿਕ ਰਹੀ ਹੈ।

ਲਾਲ ਭਿੰਡੀ ਹਰੀ ਭਿੰਡੀ ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦੀ ਹੈ। ਲਾਲ ਭਿੰਡੀ ਉਨ੍ਹਾਂ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ, ਜੋ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜ੍ਹਤ ਹਨ। ਇਸ ਤੋਂ ਇਲਾਵਾ ਇਹ ਭਿੰਡੀ ਉਨ੍ਹਾਂ ਲੋਕਾਂ ਲਈ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ, ਜਿਨ੍ਹਾਂ ਨੂੰ ਸ਼ੂਗਰ ਜਾਂ ਉੱਚ ਕੋਲੈਸਟ੍ਰੋਲ ਦੀ ਸਮੱਸਿਆ ਹੈ।

ਭਿੰਡੀ ਉਗਾਉਣ ਦੀ ਪ੍ਰਕਿਰਿਆ ਬਾਰੇ ਕਿਸਾਨ ਨੇ ਕਿਹਾ, "ਮੈਂ ਇਸ ਭਿੰਡੀ ਦਾ ਬੀਜ ਵਾਰਾਣਸੀ ਦੇ ਐਗਰੀਕਲਚਰਲ ਰਿਸਰਚ ਇੰਸਟੀਚਿਟ ਤੋਂ ਖਰੀਦਿਆ ਸੀ। ਇਸ ਦੀ ਬਿਜਾਈ ਜੁਲਾਈ ਦੇ ਪਹਿਲੇ ਹਫ਼ਤੇ ਕੀਤੀ ਗਈ ਸੀ। ਲਗਪਗ 40 ਦਿਨ ਬਾਅਦ ਭਿੰਡੀ ਦੀ ਫਸਲ ਤਿਆਰ ਹੋ ਗਈ ਤੇ ਬਾਜ਼ਾਰ ਚ ਆਈ।"

ਮਿਸ਼ਰੀ ਲਾਲ ਰਾਜਪੂਤ ਨੇ ਇਹ ਵੀ ਕਿਹਾ ਕਿ ਇਸ ਦੀ ਖੇਤੀ ਚ ਕੋਈ ਹਾਨੀਕਾਰਕ ਕੀਟਨਾਸ਼ਕ ਨਹੀਂ ਪਾਇਆ ਗਿਆ ਸੀ। ਉਨ੍ਹਾਂ ਨੇ ਫ਼ਸਲਾਂ ਦੀ ਪੈਦਾਵਾਰ ਬਾਰੇ ਕਿਹਾ ਕਿ ਇਕ ਏਕੜ ਚ ਘੱਟੋ-ਘੱਟ 40-50 ਕੁਇੰਟਲ ਤੋਂ 70-80 ਕੁਇੰਟਲ ਭਿੰਡੀ ਉਗਾਈ ਜਾ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live