ਬਰਨਾਲਾ ਵਿੱਚ ਨਵਾਂ ਸ਼ਾਹੀਨ ਬਾਗ ਉਸਰਨ ਲੱਗਿਆ

November 13 2020

ਤੀਹ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 43ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਖ਼ਿਲਾਫ਼ ਕਿਸਾਨ ਔਰਤਾਂ, ਪੁਰਸ਼ਾਂ ਤੇ ਨੌਜਵਾਨਾਂ ਦੀ ਗਿਣਤੀ ਨਵਾਂ ਇਤਿਹਾਸ ਸਿਰਜ ਰਹੀ ਹੈ। ਬਰਨਾਲਾ ਦੀ ਧਰਤੀ ’ਤੇ ਦਾਦੀਆਂ-ਪੋਤੀਆਂ ਦਾ ਨਵਾਂ ਸ਼ਾਹੀਨ ਬਾਗ ਉੱਸਰ ਰਹੇ ਹਨ।

ਇਸ ਸੰਘਰਸ਼ ਵਿੱਚ ਬਰਨਾਲਾ ਲਾਗਲੇ ਪਿੰਡ ਕਰਮਗੜ੍ਹ ਦੀ 12 ਸਾਲਾ ਸਕੂਲੀ ਵਿਦਿਆਰਥਣ ਸਵਨਪ੍ਰੀਤ ਆਪਣੀ ਪੜ੍ਹਾਈ ਦੇ ਨਾਲ-ਨਾਲ ਮਹੀਨਾ ਭਰ ਤੋਂ ਲਗਾਤਾਰ ਜ਼ਮੀਨਾਂ ਬਚਾਉਣ ਦੇ ਸਾਂਝੇ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋ ਰਹੀ ਹੈ। 60 ਸਾਲ ਨੂੰ ਢੁੱਕੀ ਸਵਨਪ੍ਰੀਤ ਦੀ ਦਾਦੀ ਮਹਿੰਦਰ ਕੌਰ ਵੀ ਸੰਘਰਸ਼ ’ਚ ਡਟ ਕੇ ਖੜੀ ਨਜ਼ਰ ਆਉਂਦੀ ਹੈ। ਸਵਨਪ੍ਰੀਤ ਦਾ ਬਾਪੂ ਪਰਮਪਾਲ ਸਿੰਘ, ਛੋਟਾ ਭਰਾ ਤਰਨਜੋਤ ਸਿੰਘ ਅਤੇ ਦਾਦਾ ਮੁਖਤਿਆਰ ਸਿੰਘ ਵੀ ਸਟੇਜ ਤੋਂ ਇਨਕਲਾਬ-ਜ਼ਿੰਦਾਬਾਦ ਅਤੇ ਮੋਦੀ ਸਰਕਾਰ- ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹਨ। ਇਸੇ ਪਿੰਡ ਦੀ ਸਕੂਲੀ ਵਿਦਿਆਰਥਣ ਗੁਰਬੀਰ ਵੀ ਘੱਟ ਨਹੀਂ ਜੋ ਆਪਣੀ ਮਾਤਾ ਅਮਨਦੀਪ ਕੌਰ ਨਾਲ ਸੰਘਰਸ਼ ਦੇ ਮੈਦਾਨ ‘ਚ ਲਗਾਤਾਰ ਹਾਜ਼ਰੀ ਭਰ ਰਹੀ ਹੈ। ਗੁਰਵੀਰ ਵੀ ਆਪਣੀ ਤਾਈ ਜਸਪਾਲ ਕੌਰ ਨਾਲ ਰੇਲਵੇ ਸਟੇਸ਼ਨ ਬਰਨਾਲਾ ‘ਤੇ ਚੱਲ ਰਹੇ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। 43ਵੇਂ ਦਿਨ ਦੇ ਮੋਰਚੇ ਵਿੱਚ ਬੈਠੀ ਗੁਰਵੀਰ ਆਪਣੀ ਤਾਈ ਜਸਪਾਲ ਕੌਰ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਪ੍ਰੇਰਨਾ ਸ੍ਰੋਤ ਮੰਨਦੀ ਹੈ। ਮਹਿਲਕਲਾਂ ਟੋਲ ਪਲਾਜੇ ਉੱਪਰ ਸੰਘਰਸ਼ ਦੇ ਮੈਦਾਨ ਵਿੱਚ ਡਟੀ ਮਹਿਲ ਕਲਾਂ ਦੀ ਸਕੂਲ ਵਿਦਿਆਰਥਣ ਖੁਸ਼ਮੀਤ ਕੌਰ ਵੀ ਆਪਣੀ ਦਾਦੀ ਸਮੇਤ ਅਜਿਹੀ ਹੀ ਇਬਾਰਤ ਲਿਖ ਰਹੀ ਹੈ। ਭਰਾਤਰੀ ਜਥੇਬੰਦੀਆਂ ਵੀ ਰੋਜ਼ਾਨਾ ਸ਼ਾਮਿਲ ਹੋਕੇ ਇਸ ਸਾਂਝੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇ ਰਹੀਆਂ ਹਨ। ਪੜ੍ਹੇ ਲਿਖੇ ਤਬਕੇ ਵਿੱਚੋਂ ਹਰਚਰਨ ਚਹਿਲ, ਨਰਿੰਦਰ ਸਿੰਗਲਾ(ਦੋਵੇਂ ਰਿਟਾਇਰ ਮਨੇਜਰ) ਅਤੇ ਬਿੱਕਰ ਸਿੰਘ ਔਲਖ (ਰਿਟਾਇਰ ਮੁੱਖ ਅਧਿਆਪਕ) ਸਾਂਝੇ ਸੰਘਰਸ਼ਸ਼ੀਲ ਕਾਫਲੇ ਵਿੱਚ ਫੰਡ ਇਕੱਤਰ ਕਰਨ/ ਹਿਸਾਬ ਕਿਤਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ , ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਮਨਜੀਤ ਰਾਜ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਜਿਥੇ ਮੋਦੀ ਸਰਕਾਰ ਨੂੰ ਫਟਕਾਰਿਆ ਉੱਥੇ 26-27 ਨਵੰਬਰ ਦਿੱਲੀ ਇਤਿਹਾਸਕ ਕਿਸਾਨ ਮਾਰਚ ਦੀ ਸਫਲਤਾ ਲਈ ਹੁਣੇ ਤੋਂ ਪਿੰਡਾਂ ਵਿੱਚ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ। ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਛੀਨੀਵਾਲਕਲਾਂ ਨੇ ਬਾਖੂਬੀ ਨਿਭਾਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune