ਬਨੂੜ ’ਚ ਝੋਨੇ ਦੀ ਖਰੀਦ 9 ਤੋਂ ਬੰਦ ਕਰਨ ਦੇ ਨਿਰਦੇਸ਼

November 05 2021

ਬਨੂੜ ਮੰਡੀ ਵਿੱਚ ਝੋਨੇ ਦੀ ਖਰੀਦ 9 ਨਵੰਬਰ ਤੋਂ ਬੰਦ ਹੋ ਜਾਵੇਗੀ। ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੀਆਂ ਖੇੜਾ ਗੱਜੂ ਅਤੇ ਮਾਣਕਪੁਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ 5 ਨਵੰਬਰ ਤੋਂ ਬੰਦ ਹੋ ਜਾਵੇਗੀ।

ਪੰਜਾਬ ਮੰਡੀ ਬੋਰਡ ਦੇ ਸਕੱਤਰ ਵੱਲੋਂ ਇਸ ਸਬੰਧੀ ਲਿਖਤੀ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਹੋਰ ਕਈਂ ਜ਼ਿਲ੍ਹਿਆਂ ਵਿੱਚ ਵੀ ਝੋਨੇ ਦੀ ਖਰੀਦ ਨੂੰ 5 ਨਵੰਬਰ ਤੋਂ 9 ਨਵੰਬਰ ਤੱਕ ਬੰਦ ਕਰਨ ਲਈ ਆਖਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਝੋਨੇ ਦੀ ਖਰੀਦ 30 ਨਵੰਬਰ ਤੱਕ ਜਾਰੀ ਰਹਿੰਦੀ ਹੈ। ਇਸ ਵੇਰ ਝੋਨੇ ਦੇ ਸੀਜ਼ਨ ਦੌਰਾਨ ਦੋ ਵੇਰ ਭਰਵੀਂ ਬਾਰਿਸ਼ ਹੋਣ ਕਾਰਨ ਝੋਨੇ ਦੀ ਕਟਾਈ ਪਛੜੀ ਹੈ ਅਤੇ ਇਨੀਂ ਦਿਨੀਂ ਮੰਡੀ ਵਿੱਚ ਵੱਡੀ ਪੱਧਰ ਉੱਤੇ ਝੋਨੇ ਦੀ ਆਮਦ ਹੋ ਰਹੀ ਹੈ।

ਬਨੂੜ ਮੰਡੀ ਵਿੱਚ ਰੋਜ਼ਾਨਾ ਅੱਠ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਆ ਰਿਹਾ ਹੈ। ਮਾਣਕਪੁਰ ਅਤੇ ਖੇੜਾ ਗੱਜੂ ਦੀਆਂ ਅਨਾਜ ਮੰਡੀਆਂ ਵਿੱਚ ਰੋਜ਼ਾਨਾ ਚਾਰ ਪੰਜ ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਰਹੀ ਹੈ।

ਮੰਡੀ ਬੋਰਡ ਦੇ ਫੈਸਲੇ ਨਾਲ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ ਝੋਨੇ ਦੀ ਆਮਦ ਚੱਲ ਰਹੀ ਹੈ ਅਤੇ ਮੰਡੀਆਂ ਬੰਦ ਕਰਨ ਨਾਲ ਕਿਸਾਨਾਂ ਨੂੰ ਔਖਿਆਈ ਜ਼ਰੂਰੀ ਆਵੇਗੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਫੂਡ ਸਪਲਾਈ ਦੇ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਨੇ ਮਾਮਲਾ ਵਿਚਾਰਨ ਦਾ ਭਰੋਸਾ ਦਿਵਾਇਆ ਗਿਆ ਹੈ।

ਮੁਹਾਲੀ ਜ਼ਿਲ੍ਹੇ ਦੀਆਂ ਬਾਕੀ ਮੰਡੀਆਂ ਦੀ ਖਰੀਦ ਵੀ 9 ਤੋਂ ਹੋਵੇਗੀ ਬੰਦ

ਮੁਹਾਲੀ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਖਰੜ, ਕੁਰਾਲੀ, ਲਾਲੜੂ, ਡੇਰਾਬੱਸੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ 9 ਨਬੰਵਰ ਤੋਂ ਬੰਦ ਹੋ ਜਾਵੇਗੀ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਕਰਤਾਰ ਸਿੰਘ ਨੰਡਿਆਲੀ, ਮੋਹਨ ਸਿੰਘ ਸੋਢੀ, ਗੁਰਦੇਵ ਸਿੰਘ ਬਨੂੜ ਨੇ ਮੰਡੀ ਬੋਰਡ ਦੇ ਝੋਨੇ ਦੀ ਖਰੀਦ ਬੰਦ ਕਰਨ ਦੇ ਨਿਰਦੇਸ਼ਾਂ ਨੂੰ ਨਾਦਰਸ਼ਾਹੀ ਫੁਰਮਾਨ ਦੱਸਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਮੁੱਚੀ ਫਸਲ ਦੀ ਖਰੀਦ ਮੁਕੰਮਲ ਹੋਣ ਮਗਰੋਂ ਹੀ ਖਰੀਦ ਬੰਦ ਹੋਣੀ ਚਾਹੀਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune